US ਟਰੇਡ ਸਮਝੌਤੇ ''ਤੇ  ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ''ਆਪ'' : ਪ੍ਰਿਤਪਾਲ ਸਿੰਘ ਬਲੀਏਵਾਲ

Thursday, Feb 05, 2026 - 06:40 PM (IST)

US ਟਰੇਡ ਸਮਝੌਤੇ ''ਤੇ  ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ''ਆਪ'' : ਪ੍ਰਿਤਪਾਲ ਸਿੰਘ ਬਲੀਏਵਾਲ

ਚੰਡੀਗੜ੍ਹ : ਭਾਰਤ ਅਤੇ ਅਮਰੀਕਾ ਦਰਮਿਆਨ ਕਰ ਮੁਕਤ ਵਪਾਰ (ਫ਼੍ਰੀ ਟਰੇਡ) ਨੂੰ ਲੈ ਕੇ ਡੇਅਰੀ ਪ੍ਰੋਡਕਟਾਂ ਜਾਂ ਖੇਤੀਬਾੜੀ ਸੈਕਟਰ ਨਾਲ ਸਬੰਧਤ ਕੋਈ ਵੀ ਸਮਝੌਤਾ ਹਾਲੇ ਤੱਕ ਨਹੀਂ ਕੀਤਾ ਗਿਆ। ਇਸ ਮਾਮਲੇ 'ਚ ਕਿਸਾਨਾਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ । ਇਹ ਖੁਲਾਸਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਮੀਡੀਆ ਮੁੱਖੀ ਵਿਨੀਤ ਜੌਸ਼ੀ ਵੀ ਮੌਜੂਦ ਰਹੇ। ਬਲੀਏਵਾਲ ਨੇ ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਪ੍ਰਸਤਾਵਿਤ ਟਰੇਡ ਸਮਝੌਤੇ ਨਾਲ ਪੰਜਾਬ ਦੀ ਕਿਸਾਨੀ ਅਤੇ ਡੇਅਰੀ ਫਾਰਮਿੰਗ ਨੂੰ ਨੁਕਸਾਨ ਹੋਵੇਗਾ, ਜਦਕਿ ਅਸਲ ਵਿਚ ਅਜੇ ਤੱਕ ਇਸ ਸਬੰਧੀ ਕੋਈ ਅੰਤਿਮ ਤਜ਼ਵੀਜ਼ ਹੀ ਤਿਆਰ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਬਿਨਾਂ ਕਿਸੇ ਦਸਤਾਵੇਜ਼ ਦੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। 

ਉਨ੍ਹਾਂ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਕਾਪੀ ਮੌਜੂਦ ਹੈ ਤਾਂ ਉਹ ਉਸ ਨੂੰ ਜਨਤਕ ਕੀਤਾ ਜਾਵੇ। ਬਲੀਏਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਉਘੇ ਉਦਯੋਗਪਤੀ ਰਜਿੰਦਰ ਗੁਪਤਾ ਪਹਿਲਾਂ ਹੀ ਇਸ ਸਮਝੌਤੇ ਨੂੰ ਲਾਭਕਾਰੀ ਦੱਸ ਚੁੱਕੇ ਹਨ, ਜਦਕਿ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਇਸ ਨੂੰ ਪੰਜਾਬ ਦੇ ਹੱਕ 'ਚ ਦੱਸ ਰਹੇ ਹਨ, ਉਧਰ 'ਆਪ' ਦੇ ਕਈ ਆਗੂ ਇਸ ਨੂੰ ਪੰਜਾਬ ਤੇ ਕਿਸਾਨ੍ਹਾਂ ਦੇ ਖਿਲਾਫ ਕਰਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ 'ਆਪ' ਦੇ ਅੰਦਰੂਨੀ ਵਿਰੋਧੀ ਬਿਆਨ ਸਾਫ਼ ਦਰਸਾਉਂਦੇ ਹਨ ਕਿ ਖੁਦ ਪਾਰਟੀ ਅੰਦਰ ਕੋਈ ਸਪੱਸ਼ਟਤਾ ਨਹੀਂ ਹੈ। ਦਰਅਸਲ 'ਆਪ' ਵਲੋਂ ਜਨਤਾ ਅੱਗੇ ਇਸ ਦਾ ਵਿਰੋਧ ਕਰ ਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਬਲੀਏਵਾਲ ਨੇ ਕਿਹਾ ਕਿ ਜੇਕਰ 'ਆਪ' ਨੂੰ ਇਹ ਸਮਝੌਤਾ ਵਾਕਈ ਕਿਸਾਨਾਂ ਦੇ ਖਿਲਾਫ ਲੱਗਦਾ ਹੈ ਤਾਂ ਉਹ ਆਪਣੀ ਸਰਕਾਰ ਰਾਹੀਂ ਕੇਂਦਰ ਸਰਕਾਰ ਕੋਲ ਇਸ ਦਾ ਅਧਿਕਾਰਕ ਵਿਰੋਧ ਦਰਜ ਕਰਵਾਏ। ਉਨ੍ਹਾਂ ਜੋੜਿਆ ਕਿ ਕਿਸਾਨਾਂ ਨੂੰ ਸੱਚਾਈ ਤੋਂ ਦੂਰ ਰੱਖ ਕੇ ਸਿਆਸਤ ਕਰਨੀ ਠੀਕ ਨਹੀਂ। ਕਿਸਾਨਾਂ ਨੂੰ ਅਪੀਲ ਕਰਦਿਆਂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਨਾ ਬਣਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਗੇ ਜਾ ਕੇ ਕੋਈ ਵਪਾਰਕ ਸਮਝੌਤਾ ਹੁੰਦਾ ਹੈ ਤਾਂ ਉਹ ਕਿਸਾਨਾਂ ਅਤੇ ਡੇਅਰੀ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਵੇਗਾ ਅਤੇ ਇਸ ਨਾਲ ਕਿਸਾਨੀ ਖੇਤਰ ਵਿਚ ਨਿਵੇਸ਼ ਅਤੇ ਆਮਦਨ ਦੋਵੇਂ ਵਧਣਗੇ। 


author

Gurminder Singh

Content Editor

Related News