ਜਨਮ ਤੋਂ ਬਾਅਦ ਗਲਤੀ ਨਾਲ ਬੱਚੇ ਬਦਲੇ, ਅਦਾਲਤ ਨੇ 3 ਸਾਲ ਬਾਅਦ ਮਾਂ ਨਾਲ ਕਰਵਾਇਆ ਮਿਲਾਪ

06/11/2022 12:52:20 PM

ਬਾਰਪੇਟਾ (ਭਾਸ਼ਾ)- ਆਸਾਮ ਦੇ ਬਾਰਪੇਟਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਔਰਤ ਦਾ 3 ਸਾਲ ਦੇ ਆਪਣੇ ਪੁੱਤਰ ਨਾਲ ਮੁੜ ਮਿਲਾਪ ਕਰਵਾਇਆ ਹੈ, ਜਿਸ ਨੂੰ ਜਨਮ ਦੇ ਤੁਰੰਤ ਬਾਅਦ ਆਪਣੀ ਮਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਇਕ ਹੀ ਹਸਪਤਾਲ 'ਚ ਦਾਖ਼ਲ ਇਕ ਹੀ ਨਾਮ ਦੀਆਂ 2 ਮਾਂਵਾਂ ਨੂੰ ਲੈ ਕੇ ਨਰਸ ਦੀ ਗਲਤਫਹਿਮੀ ਕਾਰਨ ਇਹ ਮਸਲਾ ਖੜ੍ਹਾ ਹੋਇਆ। ਇਸ ਤੋਂ ਬਾਅਦ ਇਕ ਮਾਂ ਨੇ ਇਸ ਮਾਮਲੇ ਨੂੰ ਲੈ ਕੇ ਪੁਲਸ ਦਾ ਰੁਖ ਕੀਤਾ ਅਤੇ ਆਖ਼ਰਕਾਰ ਡੀ.ਐੱਨ.ਏ. ਜਾਂਚ ਦੀ ਮਦਦ ਨਾਲ ਇਹ ਮਾਮਲਾ ਸੁਲਝਾਇਆ ਗਿਆ। ਬਾਰਪੇਟਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ ਕਿ 3 ਸਾਲ ਦੇ ਮੁੰਡੇ ਨੂੰ ਇਸੇ ਜ਼ਿਲ੍ਹੇ ਦੀ ਉਸ ਦੀ ਜੈਵਿਕ ਮਾਂ ਨਜਮਾ ਖਾਨਮ ਨੂੰ ਸੌਂਪਿਆ ਜਾਵੇ।

ਖਾਨਮ ਨੇ ਇੱਥੇ 3 ਮਾਰਚ 2019 ਨੂੰ ਫਖਰੂਦੀਨ ਅਲੀ ਅਹਿਮਦ ਮੈਡੀਕਲ ਕਾਲਜ ਹਸਪਤਾਲ 'ਚ ਮੁੰਡੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੂੰ ਡਿਲਿਵਰੀ ਤੋਂ ਬਾਅਦ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਸ਼ਿਸ਼ੂਆਂ ਦੇ ਕਮਰੇ 'ਚ ਰੱਖਿਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਅਗਲੇ ਦਿਨ ਖਾਨਮ ਦੇ ਪਤੀ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਜੋੜੇ ਨੇ ਇਸ ਗੱਲ ਨੂੰ ਨਹੀਂ ਮੰਨਿਆ, ਕਿਉਂਕਿ ਉਨ੍ਹਾਂ ਦਾ ਪੁੱਤਰ ਜਨਮ ਦੇ ਸਮੇਂ ਸਿਹਤਮੰਦ ਸੀ। ਉਨ੍ਹਾਂ ਨੇ ਹਸਪਤਾਲ ਖ਼ਿਲਾਫ਼ ਬਾਰਪੇਟਾ ਸਦਰ ਥਾਣੇ 'ਚ ਸ਼ਿਕਾਇਤ ਦਜਰ ਕਰਵਾਈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਗੋਸਈਗਾਂਵ ਦੀ ਨਜਮਾ ਖਾਤੂਨ ਨੇ ਉਸੇ ਦਿਨ ਉਸੇ ਹਸਪਤਾਲ 'ਚ ਬਹੁਤ ਗੰਭੀਰ ਹਾਲਤ 'ਚ ਆਪਣੇ ਬੱਚੇ ਨੂੰ ਦਾਖ਼ਲ ਕਰਵਾਇਆ ਸੀ ਅਤੇ ਉਸ ਦੀ ਉਸੇ ਦਿਨ ਮੌਤ ਹੋ ਗਈ ਸੀ। ਡਿਊਟੀ 'ਤੇ ਮੌਜੂਦ ਨਰਸ ਦੋਵੇਂ ਬੱਚਿਆਂ ਨੂੰ ਲੈ ਕੇ ਗਈ ਅਤੇ ਉਸ ਨੇ ਮ੍ਰਿਤਕ ਬੱਚਾ ਨਜਮਾ ਖਾਨਮ ਦੇ ਪਤੀ ਨੂੰ ਸੌਂਪ ਦਿੱਤਾ। ਅਦਾਲਤ ਨੇ ਆਦੇਸ਼ 'ਚ ਕਿਹਾ ਕਿ ਮੁੰਡੇ ਦੇ ਜੈਵਿਕ ਮਾਤਾ-ਪਿਤਾ ਦਾ ਪਤਾ ਡੀ.ਐੱਨ.ਏ. ਜਾਂਚ ਰਾਹੀਂ ਲਗਾਇਆ ਗਿਆ, ਜਿਸ ਨਾਲ ਉਸ ਦਾ ਉਸ ਦੇ ਅਸਲੀ ਪਰਿਵਾਰ ਨਾਲ ਮਿਲਾਪ ਕਰਵਾਇਆ ਗਿਆ।


DIsha

Content Editor

Related News