ਜਿੰਨੀਆਂ ਗਾਲ੍ਹਾਂ ਕੱਢਣੀਆਂ, ਕੱਢ ਲਓ, ਕਾਰਵਾਈ ਹੋ ਕੇ ਰਹੇਗੀ : PM ਮੋਦੀ
Friday, Nov 03, 2023 - 10:33 AM (IST)
ਕਾਂਕੇਰ (ਏਜੰਸੀ)- ਛੱਤੀਸਗੜ੍ਹ ਦੇ ਕਾਂਕੇਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦਾ ਨਾਂ ਲੈਂਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦਾ ਐਕਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢੀਆਂ ਜਾਣ ਪਰ ਉਹ ਕਾਰਵਾਈ ਕਰਦੇ ਰਹਿਣਗੇ। ਦਿੱਲੀ ਤੋਂ ਲੈ ਕੇ ਛੱਤੀਸਗੜ੍ਹ ਤੱਕ ਈ. ਡੀ.-ਸੀ. ਬੀ. ਆਈ. ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੇ ਐਕਸ਼ਨ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ਾਂ ’ਤੇ ਜਵਾਬ ਦਿੰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਲੈਂਦੇ ਰਹਿਣਗੇ। ਪੀ. ਐੱਮ. ਮੋਦੀ ਉਂਝ ਤਾਂ ਛੱਤੀਸਗੜ੍ਹ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਬੋਲ ਰਹੇ ਸਨ ਪਰ ਉਨ੍ਹਾਂ ਨੇ ਜਨਤਾ ਨੂੰ ਇਸ ’ਤੇ ਮੋਹਰ ਦੀ ਮੰਗ ਕਰਦੇ ਹੋਏ ਕਿਹਾ ਕਿ ਆਵਾਜ਼ ਦਿੱਲੀ ਤੱਕ ਜਾਣੀ ਚਾਹੀਦੀ ਹੈ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ’ਤੇ ਲੱਗੇ ਦੋਸ਼ਾਂ ਵੱਲ ਵੀ ਸੀ। ਪੀ. ਐੱਮ. ਮੋਦੀ ਨੇ ਕਿਹਾ ਕਿ ਇਹ ਮੋਦੀ ਦੀ ਗਾਰੰਟੀ ਹੈ, ਲੁੱਟਣ ਵਾਲਾ ਇਕ ਵੀ ਬਚਣ ਵਾਲਾ ਨਹੀਂ ਹੈ। ਭ੍ਰਿਸ਼ਟਾਚਾਰ ਨਾਲ ਲੜਣ ਦਾ ਇਹ ਕੰਮ ਤੁਸੀਂ ਮੈਨੂੰ ਦਿੱਤਾ। ਤੁਸੀਂ ਇਸੇ ਕੰਮ ਲਈ ਬਿਠਾਇਆ ਹੈ, ਮੌਜ-ਮਜ਼ਾ ਕਰਨ ਲਈ ਨਹੀਂ ਬਿਠਾਇਆ। ਤੁਸੀਂ ਮੈਨੂੰ ਦੱਸੋ, ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ। ਪੂਰੀ ਤਾਕਤ ਨਾਲ ਦੱਸੋ, ਇਹ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ, ਚੋਰ-ਲੁਟੇਰਿਆਂ ਨੂੰ ਠੀਕ ਕਰਨਾ ਚਾਹੀਦਾ ਜਾਂ ਨਹੀਂ? ਭ੍ਰਿਸ਼ਟਾਚਾਰ ਵਿਰੁੱਧ ਲੜਣਾ ਚਾਹੀਦਾ ਜਾਂ ਨਹੀਂ? ਗਰੀਬ ਦਾ ਪੈਸਾ ਵਾਪਸ ਆਉਣਾ ਚਾਹੀਦਾ ਜਾਂ ਨਹੀਂ? ਤੁਹਾਡੇ ਆਸ਼ੀਰਵਾਦ ਨਾਲ ਮੈਂ ਇਹ ਕੰਮ ਰੋਕਣ ਵਾਲਾ ਨਹੀਂ ਹਾਂ, ਇਹ ਲੋਕ ਭਾਵੇਂ ਮੈਨੂੰ ਲੱਖਾਂ ਗਾਲ੍ਹਾਂ ਕੱਢਦੇ ਰਹਿਣ ਪਰ ਤੁਹਾਡੇ ਆਸ਼ੀਰਵਾਦ ਦੀ ਤਾਕਤ ਹੈ ਕਿ ਨਾ ਮੋਦੀ ਡਿੱਗਦਾ ਹੈ, ਨਾ ਮੋਦੀ ਡਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਰ-ਲੁਟੇਰਿਆਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਉਨ੍ਹਾਂ ’ਤੇ ਕਾਰਵਾਈ ਲਈ ਲੋਕਾਂ ਨੇ ਉਨ੍ਹਾਂ ਨੂੰ ਸੱਤਾ ’ਚ ਬਿਠਾਇਆ ਹੈ ਅਤੇ ਇਹ ਕੰਮ ਉਹ ਪੂਰੀ ਤਾਕਤ ਨਾਲ ਕਰ ਰਹੇ ਹਨ। ਕੋਈ ਕੁਝ ਵੀ ਕਰ ਲਏ ਪਰ ਉਹ ਇਹ ਕੰਮ ਬਿਲਕੁੱਲ ਰੋਕਣ ਵਾਲੇ ਨਹੀਂ ਹਨ।
ਇਹ ਵੀ ਪੜ੍ਹੋ : ਸਾਲ 2022 ’ਚ ਵਾਪਰੇ 4.61 ਲੱਖ ਤੋਂ ਵੱਧ ਸੜਕ ਹਾਦਸੇ, ਗਈ 1.68 ਲੱਖ ਲੋਕਾਂ ਦੀ ਜਾਨ
ਕਾਂਗਰਸ ’ਤੇ ਵੀ ਵਿੰਨ੍ਹਿਆ ਨਿਸ਼ਾਨਾ, ਪੀ. ਐੱਸ. ਸੀ. ਨੂੰ ਪਾਰਟੀ ਦਫਤਰ ਬਣਾਉਣ ਦਾ ਲਗਾਇਆ ਦੋਸ਼
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਨੇ ਸਭ ਤੋਂ ਵੱਡਾ ਧੋਖਾ ਛੱਤੀਸਗੜ੍ਹ ਦੇ ਨੌਜਵਾਨਾਂ ਨਾਲ ਕੀਤਾ ਹੈ। ਜੋ ਵਾਅਦੇ ਕੀਤੇ, ਉਹ ਪੂਰੇ ਨਹੀਂ ਕੀਤੇ ਸਗੋਂ ਪੀ. ਐੱਸ. ਸੀ. (ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ) ਨੂੰ ਇਨ੍ਹਾਂ ਨੇ ਕਾਂਗਰਸ ਕਮੇਟੀ ਦਾ ਦਫਤਰ ਬਣਾ ਦਿੱਤਾ। ਪੀ. ਐੱਸ. ਸੀ. ਟੈਸਟ ’ਚ ਕਾਂਗਰਸ ਨੇਤਾਵਾਂ ਦੇ ਬੱਚਿਆਂ ਦੀ ਚੋਣ ਕੀਤੀ ਗਈ। ਤੁਹਾਡੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ,‘ਪਰਿਵਾਰਵਾਦ, ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ, ਇਹੀ ਕਾਂਗਰਸ ਦੀ ਨੀਤੀ ਹੈ ਅਤੇ ਇਹੀ ਕਾਂਗਰਸ ਦੀ ਰੀਤੀ ਹੈ।’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ,‘ਤੁਹਾਡੇ ਬੱਚਿਆਂ ਦੀ ਚਿੰਤਾ ਮੋਦੀ ਨੂੰ ਹੈ, ਭਾਜਪਾ ਨੂੰ ਹੈ, ਇਸ ਲਈ ਮੈਂ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਕਹਾਂਗਾ ਕਿ ਛੱਤੀਸਗੜ੍ਹ ਨੂੰ ਲੁੱਟਣ ਵਾਲਾ, ਨੌਜਵਾਨਾਂ ਨੂੰ ਧੋਖਾ ਦੇਣ ਵਾਲਾ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਮੋਦੀ ਦੀ ਗਾਰੰਟੀ ਹੈ ਕਿ ਜਿਸ ਨੇ ਛੱਤੀਸਗੜ੍ਹ ਨੂੰ ਲੁੱਟਿਆ ਹੈ, ਉਸ ਨੂੰ ਸਭ ਕੁਝ ਮੋੜਣਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8