ਖੁਸ਼ੀਆਂ ''ਚ ਪੈ ਗਏ ਵੈਣ ! DJ ''ਤੇ ਨੱਚਦੇ-ਨੱਚਦੇ ਨੌਜਵਾਨ ਦੀ ਨਿਕਲ ਗਈ ਜਾਨ, ਪੈ ਗਿਆ ਚੀਕ-ਚਿਹਾੜਾ
Tuesday, Dec 23, 2025 - 03:57 PM (IST)
ਨੈਸ਼ਨਲ ਡੈਸਕ : ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਕਿਸ ਦੇ ਸਾਹ ਰੁਕ ਜਾਣ। ਅਜਿਹਾ ਹੀ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਹਰਿਆਣਾ ਦੇ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਕਟਰ 75 ਸਥਿਤ ਡੀ-ਮਾਰਟ ਮਾਲ ਵਿਚ ਕੰਪਨੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਡੀਜੇ 'ਤੇ ਨੱਚਦੇ ਹੋਏ ਇਕ 23 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵਕੀ ਨੰਦਨ ਵਜੋਂ ਹੋਈ ਹੈ, ਜੋ ਪਿਛਲੇ ਚਾਰ ਸਾਲਾਂ ਤੋਂ ਇਸੇ ਮਾਲ ਵਿੱਚ ਕੰਮ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਕਰੀਬ 9:15 ਵਜੇ ਦੀ ਹੈ। ਮਾਲ ਦੇ ਬੇਸਮੈਂਟ ਵਿੱਚ ਇੱਕ ਸਮਾਗਮ ਚੱਲ ਰਿਹਾ ਸੀ, ਜਿੱਥੇ ਡੀਜੇ ਲਗਾਇਆ ਗਿਆ ਸੀ ਅਤੇ ਸਾਰੇ ਕਰਮਚਾਰੀ ਨੱਚ ਰਹੇ ਸਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੇਵਕੀ ਨੰਦਨ ਖੁਸ਼ੀ-ਖੁਸ਼ੀ ਨੱਚ ਰਿਹਾ ਸੀ ਕਿ ਅਚਾਨਕ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਦੇਖਣ ਵਿੱਚ ਅਜਿਹਾ ਲੱਗਦਾ ਹੈ ਕਿ ਉਸ ਨੂੰ ਅਚਾਨਕ ਹਾਰਟ ਅਟੈਕ ਆਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।
ਨੌਜਵਾਨ ਦੇ ਫਰਸ਼ 'ਤੇ ਡਿੱਗਣ ਤੋਂ ਤੁਰੰਤ ਬਾਅਦ ਉਸ ਨੂੰ ਸੈਕਟਰ 8 ਸਥਿਤ ਸਰਵੋਦਿਆ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਵਕੀ ਨੰਦਨ ਮੂਲ ਰੂਪ ਵਿੱਚ ਮਥੁਰਾ (ਉੱਤਰ ਪ੍ਰਦੇਸ਼) ਦੇ ਪਿੰਡ ਮਰੋਲੀ ਗੁੱਜਰ ਦਾ ਰਹਿਣ ਵਾਲਾ ਸੀ।
