ਸੱਪ ਦੇ ਡੱਸਣ ਨਾਲ ਹੋਈ ਨੌਜਵਾਨ ਦੀ ਮੌਤ, ਲੋਕਾਂ ਨੇ ਸੱਪ ਨੂੰ ਵੀ ਚਿਖਾ ਨਾਲ ਜ਼ਿੰਦਾ ਸਾੜਿਆ

Monday, Sep 23, 2024 - 02:13 PM (IST)

ਸੱਪ ਦੇ ਡੱਸਣ ਨਾਲ ਹੋਈ ਨੌਜਵਾਨ ਦੀ ਮੌਤ, ਲੋਕਾਂ ਨੇ ਸੱਪ ਨੂੰ ਵੀ ਚਿਖਾ ਨਾਲ ਜ਼ਿੰਦਾ ਸਾੜਿਆ

ਕੋਰਬਾ (ਭਾਸ਼ਾ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਜ਼ਹਿਰੀਲੇ ਸੱਪ ਦੇ ਡੱਸਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਕਥਿਤ ਤੌਰ 'ਤੇ ਨੌਜਵਾਨ ਦੇ ਅੰਤਿਮ ਸੰਸਕਾਰ 'ਤੇ ਸੱਪ ਨੂੰ ਜ਼ਿੰਦਾ ਸਾੜ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਗਾਮਾਰ ਪਿੰਡ 'ਚ ਐਤਵਾਰ ਨੂੰ ਸੱਪ ਦੇ ਡੱਸਣ ਕਾਰਨ ਡਿਗੇਸ਼ਵਰ ਰਾਠੀਆ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਡਿਗੇਸ਼ਵਰ ਦੀ ਚਿਖਾ ਦੇ ਨਾਲ ਸੱਪ ਨੂੰ ਵੀ ਜ਼ਿੰਦਾ ਸਾੜ ਦਿੱਤਾ। ਉਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਜਦੋਂ ਡਿਗੇਸ਼ਵਰ ਸੌਂਣ ਦੀ ਤਿਆਰੀ ਕਰ ਰਿਹਾ ਸੀ, ਉਦੋਂ ਉਸ ਨੂੰ ਇਕ ਕਰੈਤ ਸੱਪ ਨੇ ਡੱਸ ਲਿਆ। ਜਦੋਂ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ, ਉਦੋਂ ਪਰਿਵਾਰ ਵਾਲੇ ਉਸ ਨੂੰ ਕੋਬਰਾ ਦੇ ਮੈਡੀਕਲ ਕਾਲਜ ਹਸਪਤਾਲ ਲੈ ਕੇ ਪਹੁੰਚੇ। ਇਲਾਜ ਦੌਰਾਨ ਐਤਵਾਰ ਸਵੇਰੇ ਡਿਗੇਸ਼ਵਰ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ

ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਸੱਪ ਦੇ ਡੱਸਣ ਦੀ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੇ ਸੱਪ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਅਤੇ ਉਸ ਨੂੰ ਇਕ ਟੋਕਰੀ 'ਚ ਰੱਖ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਡਿਗੇਸ਼ਵਰ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਸੱਪ ਨੂੰ ਇਕ ਡੰਡੇ ਨਾਲ ਲਟਕੀ ਰੱਸੀ ਨਾਲ ਬੰਨ੍ਹ ਦਿੱਤਾ। ਜਦੋਂ ਡਿਗੇਸ਼ਵਰ ਦੀ ਸ਼ਵ ਯਾਤਰਾ ਉਸ ਦੇ ਘਰ ਤੋਂ ਸ਼ਮਸ਼ਾਨ ਘਾਟ ਲਈ ਨਿਕਲੀ, ਉਦੋਂ ਪਿੰਡ ਵਾਸੀ ਸੱਪ ਨੂੰ ਵੀ ਉੱਥੇ ਲੈ ਗਏ। ਬਾਅਦ 'ਚ ਪਿੰਡ ਵਾਸੀਆਂ ਨੇ ਸੱਪ ਨੂੰ ਡਿਗੇਸ਼ਵਰ ਦੀ ਚਿਖਾ 'ਤੇ ਜ਼ਿੰਦਾ ਸਾੜ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਰ ਸੀ ਕਿ ਜ਼ਹਿਰੀਲਾ ਸੱਪ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ, ਇਸ ਲਈ ਉਨ੍ਹਾਂ ਨੇ ਸੱਪ ਨੂੰ ਚਿਖਾ 'ਤੇ ਹੀ ਸਾੜ ਦਿੱਤਾ। ਘਟਨਾ ਬਾਰੇ ਪੁੱਛੇ ਜਾਣ 'ਤੇ ਕੋਰਬਾ ਦੇ ਉੱਪਮੰਡਲ ਅਧਿਕਾਰੀ (ਜੰਗਲਾਤ) ਆਸ਼ੀਸ਼ ਖੇਲਵਾਰ ਨੇ ਕਿਹਾ ਕਿ ਸੱਪ ਨੂੰ ਮਾਰਨ ਲਈ ਪਿੰਡ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਖੇਲਵਾਰ ਨੇ ਕਿਹਾ ਕਿ ਸੱਪਾਂ ਅਤੇ ਸੱਪ ਦੇ ਡੱਸਣ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News