''ਨੀਟ'' ਪ੍ਰੀਖਿਆ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Saturday, Sep 12, 2020 - 04:18 PM (IST)
ਚੇਨਈ— ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ (ਨੀਟ) ਦੀ ਤਿਆਰੀ ਕਰ ਰਹੀ ਤਾਮਿਲਨਾਡੂ ਦੀ 19 ਸਾਲਾ ਇਕ ਵਿਦਿਆਰਥਣ ਨੇ ਸ਼ਨੀਵਾਰ ਯਾਨੀ ਕਿ ਅੱਜ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਰੂਗਾ ਸੁੰਦਰਮ ਥਾਣੇ ਦੇ ਸਬ-ਇੰਸਪੈਕਟਰ ਦੀ ਧੀ ਐੱਮ. ਜੋਤੀ ਦੁਰਗਾ ਪੱਖੇ ਨਾਲ ਲਟਕਦੀ ਮਿਲੀ। ਮਿਲੀ ਜਾਣਕਾਰੀ ਮੁਤਾਬਕ ਜੋਤੀ ਰਾਤ ਇਕ ਵਜੇ ਤੱਕ ਪੜ੍ਹਾਈ ਕਰਦੀ ਰਹੀ, ਜਿਸ ਤੋਂ ਬਾਅਦ ਉਹ ਸੌਣ ਚੱਲੀ ਗਈ। ਅੱਜ ਸਵੇਰੇ ਉਹ ਪੱਖੇ ਨਾਲ ਲਟਕਦੀ ਮਿਲੀ। ਸ਼ੁਰੂਆਤੀ ਪੁੱਛ-ਗਿੱਛ ਵਿਚ ਪਤਾ ਲੱਗਾ ਕਿ ਉਹ ਪਿਛਲੇ ਸਾਲ ਹੋਈ ਨੀਟ ਪ੍ਰੀਖਿਆ 'ਚ ਫੇਲ੍ਹ ਹੋ ਗਈ ਸੀ ਅਤੇ ਕੱਲ੍ਹ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਲੈ ਕੇ ਕਾਫੀ ਸਮੇਂ ਤੋਂ ਚਿੰਤਾ ਵਿਚ ਸੀ।
ਓਧਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਤਾਮਿਲਨਾਡੂ ਵਿਚ ਇਕ ਹਫ਼ਤੇ 'ਚ ਨੀਟ ਉਮੀਦਵਾਰ ਦੇ ਖ਼ੁਦਕੁਸ਼ੀ ਦਾ ਇਹ ਦੂਜਾ ਮਾਮਲਾ ਹੈ। ਮੁੱਖ ਮੰਤਰੀ ਈ. ਕੇ. ਪਲਾਨੀਸਵਾਮੀ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਫ਼ੈਸਲੇ ਲੈਣ ਵਾਲੇ ਬੱਚੇ ਦਰਦ ਦਾ ਕਾਰਨ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਸਫਲ ਹੋਣ ਦੇ ਅਣਗਿਣਤ ਢੰਗ ਹਨ ਅਤੇ ਸਫਲਤਾ ਦੀ ਗਰੰਟੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਵਿਦਿਆਰਥੀਆਂ ਕੋਲ ਕੁਝ ਵੀ ਕਰਨ ਲਈ ਮਜ਼ਬੂਤ ਇਰਾਦਾ ਹੁੰਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਦੇ ਕਲਿਆਣ ਅਤੇ ਉਨ੍ਹਾਂ ਦੇ ਵਿਕਾਸ ਲਈ ਸਹਿਯੋਗੀ ਰਹੇਗੀ। ਉਨ੍ਹਾਂ ਨੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਬੱਚਿਆਂ ਦੀਆਂ ਇੱਛਾਵਾਂ ਨੂੰ ਜਾਣ ਕੇ ਹੀ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਵੇ। ਵੱਖ-ਵੱਖ ਸਿਆਸੀ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਪ੍ਰੀਖਿਆ ਹੋ ਰਹੀ ਹੈ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ।