'ਭਾਰਤ 'ਚ 6 ਲੱਖ ਡਾਕਟਰਾਂ ਤੇ 20 ਲੱਖ ਨਰਸਾਂ ਦੀ ਕਮੀ'
Sunday, Apr 14, 2019 - 11:29 PM (IST)

ਵਾਸ਼ਿੰਗਟਨ - ਭਾਰਤ 'ਚ ਅਨੁਮਾਨਿਤ ਤੌਰ 'ਤੇ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਕਮੀ ਹੈ। ਵਿਗਿਆਨਕਾਂ ਨੇ ਪਾਇਆ ਹੈ ਕਿ ਭਾਰਤ 'ਚ ਐਂਟੀਬਾਇਓਟਿਕ ਦਵਾਈਆਂ ਦੇਣ ਲਈ ਸਹੀ ਤਰੀਕੇ ਨਾਲ ਸਿਖਿਅਤ ਸਟਾਫ ਦੀ ਕਮੀ ਹੈ ਜਿਸ ਨਾਲ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲਦੀਆਂ।
ਅਮਰੀਕਾ ਦੇ 'ਸੈਂਟਰ ਫਾਰ ਡਿਜ਼ੀਜ ਡਾਇਨਾਮਿਕਸ, ਇਕਨਾਮਿਕਸ ਐਂਡ ਪਾਲਿਸੀ' (ਸੀ. ਡੀ. ਡੀ. ਈ. ਪੀ.) ਦੀ ਰਿਪੋਰਟ ਮੁਤਾਬਕ ਐਂਟੀਬਾਇਓਟਿਕ ਉਪਲੱਬਧ ਹੋਵੇ ਤਾਂ ਵੀ ਭਾਰਤ 'ਚ ਲੋਕਾਂ ਨੂੰ ਬੀਮਾਰੀ 'ਤੇ 65 ਫੀਸਦੀ ਖਰਚ ਖੁਦ ਚੁੱਕਣਾ ਪੈਂਦਾ ਹੈ। ਇਹ ਹਰ ਸਾਲ 5.7 ਕਰੋੜ ਲੋਕਾਂ ਨੂੰ ਗਰੀਬੀ ਦੇ ਵੱਲ ਧਕੇਲ ਰਿਹਾ ਹੈ। ਰਿਪੋਰਟ ਮੁਤਾਬਕ ਦੁਨੀਆ ਭਰ 'ਚ ਹਰ ਸਾਲ 57 ਲੱਖ ਅਜਿਹੇ ਲੋਕਾਂ ਦੀ ਮੌਤ ਹੁੰਦੀ ਹੈ ਜਿਨ੍ਹਾਂ ਨੂੰ ਐਂਟੀਬਾਇਓਟਿਕ ਦਵਾਈਆਂ ਨਾਲ ਬਚਾਇਆ ਜਾ ਸਕਦਾ ਸੀ। ਇਹ ਮੌਤਾਂ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ 'ਚ ਹੁੰਦੀਆਂ ਹਨ। ਇਹ ਮੌਤਾਂ ਐਂਟੀਬਾਇਓਟਿਕ ਪ੍ਰਤੀਰੋਧੀ ਸੰਕ੍ਰਮਣਾਂ (ਰੋਗਾਣੂਨਾਸ਼ਕ ਰੋਧਕ ਲਾਗ) ਨਾਲ ਹਰ ਸਾਲ ਹੋਣ ਵਾਲੀਆਂ ਅਨੁਮਾਨਿਤ 7,00,000 ਮੌਤਾਂ ਦੀ ਤੁਲਨਾ 'ਚ ਜ਼ਿਆਦਾ ਹੈ।
ਸੀ. ਡੀ. ਡੀ. ਈ. ਪੀ. ਨੇ ਯੂਗਾਂਡਾ, ਭਾਰਤ ਅਤੇ ਜਰਮਨੀ 'ਚ ਹਿੱਤਕਾਰਾਂ ਨਾਲ ਗੱਲਬਾਤ ਕੀਤੀ ਅਤੇ ਸਮਗੱਰੀ ਦਾ ਅਧਿਐਨ ਕਰ ਘੱਟ, ਮੱਧ ਅਤੇ ਉੱਚ ਆਮਦਨ ਵਾਲੇ ਦੇਸ਼ਾਂ 'ਚ ਉਨ੍ਹਾਂ ਪਹਿਲੂਆਂ ਦੀ ਪਛਾਣ ਕੀਤੀ ਜਿਨ੍ਹਾਂ ਦੇ ਚੱਲਦੇ ਮਰੀਜ਼ ਨੂੰ ਐਂਟੀਬਾਇਓਟਿਕ ਦਵਾਈਆਂ ਨਹੀਂ ਮਿਲਦੀਆਂ ਹਨ। ਭਾਰਤ 'ਚ ਹਰ 10,189 ਲੋਕਾਂ 'ਤੇ ਇਕ ਸਰਕਾਰੀ ਡਾਕਟਰ ਹੈ ਜਦਕਿ ਗਲੋਬਲ ਸਿਹਤ ਸੰਗਠਨ ਨੇ ਹਰ 1 ਹਜ਼ਾਰ ਲੋਕਾਂ 'ਤੇ ਇਕ ਡਾਕਟਰ ਦੀ ਸਿਫਾਰਸ਼ ਕੀਤੀ ਹੈ। ਇਸ ਤਰ੍ਹਾਂ 6 ਲੱਖ ਡਾਕਟਰਾਂ ਦੀ ਕਮੀ ਹੈ। ਭਾਰਤ 'ਚ ਹਰ 483 ਲੋਕਾਂ 'ਤੇ ਇਕ ਨਰਸ ਹੈ ਮਤਲਬ 20 ਲੱਖ ਨਰਸਾਂ ਦੀ ਕਮੀ ਹੈ। ਸੀ. ਡੀ. ਡੀ. ਈ. ਪੀ. 'ਚ ਡਾਇਰੈਕਟਰ ਰਮਣਨ ਲਕਸ਼ਮੀਨਾਰਾਇਣ ਨੇ ਆਖਿਆ ਹੈ ਕਿ ਐਂਟੀਬਾਇਓਟਿਕ ਦਵਾਈਆਂ ਦੇ ਪ੍ਰਤੀਰੋਧ ਨਾਲ ਹੋਣ ਵਾਲੀਆਂ ਮੌਤਾਂ ਦੀ ਤੁਲਨਾ 'ਚ ਐਂਟੀਬਾਇਓਟਿਕ ਨਾ ਮਿਲਣ ਨਾਲ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ।