41 ਹਜ਼ਾਰਾਂ ਤੋਂ ਵਧੇਰੇ ਊਨੀ ਟੋਪੀਆਂ ਬੁਣ ਕੇ ਔਰਤਾਂ ਨੇ ਬਣਾਇਆ ‘ਗਿਨੀਜ਼ ਵਰਲਡ ਰਿਕਾਰਡ’
Saturday, Oct 15, 2022 - 05:42 PM (IST)

ਨਵੀਂ ਦਿੱਲੀ- ਏਅਰ ਫੋਰਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (AFWWA) ਨੇ ਸ਼ਨੀਵਾਰ ਨੂੰ ਇੱਥੇ 41,541 ਬੁਣੀਆਂ ਹੋਈਆਂ ਊਨੀ ਟੋਪੀਆਂ ਪ੍ਰਦਰਸ਼ਿਤ ਕਰਕੇ ‘ਗਿਨੀਜ਼ ਵਰਲਡ ਰਿਕਾਰਡ’ ਬਣਾਇਆ। ਐਸੋਸੀਏਸ਼ਨ ਦਾ ‘ਨਿਟਥਾਨ’ ਮੁਹਿੰਮ 15 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਤਿੰਨ ਮਹੀਨੇ ਤੋਂ ਵੱਧ ਸਮੇਂ ’ਚ ਦੇਸ਼ ਭਰ ਤੋਂ ਲੱਗਭਗ 3000 ਮਹਿਲਾ ਮੈਂਬਰਾਂ ਨੇ 40,000 ਤੋਂ ਵੱਧ ਊਨੀ ਟੋਪੀਆਂ ਬੁਣੀਆਂ।
ਗਿਨੀਜ਼ ਵਰਲਡ ਰਿਕਾਰਡ ਦੇ ਜੱਜ ਰਿਸ਼ੀ ਨਾਥ ਨੇ ਆਈ. ਏ. ਐੱਫ. ਆਡੀਟੋਰੀਅਮ ’ਚ ਆਯੋਜਿਤ ਇਕ ਸਮਾਗਮ ਦੌਰਾਨ ਕਿਹਾ ਕਿ ਰਿਕਾਰਡ ਹੈਰਾਨੀਜਨਕ ਹਨ ਅਤੇ ਇਹ ਸਭ ਤੋਂ ਜ਼ਿਆਦਾ ਊੂਨੀ ਟੋਪੀਆਂ ਨੂੰ ਪ੍ਰਦਰਸ਼ਿਤ ਕਰਨ ਨਾਲ ਸਬੰਧਤ ਸਨ। ਓਧਰ AFWWA ਦੀ ਪ੍ਰਧਾਨ ਨੀਤਾ ਚੌਧਰੀ ਨੇ ਕਿਹਾ ਕਿ ਇਹ ਟੋਪੀਆਂ AFWWA ਦੇ ਲੱਗਭਗ 3,000 ਮਹਿਲਾ ਮੈਂਬਰਾਂ ਵਲੋਂ ਸਾਡੀ ਵਿਸ਼ੇਸ਼ ਮੁਹਿੰਮ 'ਨਿਟਥਾਮ' ਦੇ ਹਿੱਸੇ ਵਜੋਂ ਬੁਣੀਆਂ ਗਈਆਂ ਸਨ। ਇਹ ਮੁਹਿੰਮ 15 ਜੁਲਾਈ ਨੂੰ ਸ਼ੁਰੂ ਹੋਈ ਅਤੇ 15 ਅਕਤੂਬਰ ਨੂੰ ਸਮਾਪਤ ਹੋਈ। ਸਰਦੀਆਂ ਤੋਂ ਪਹਿਲਾਂ ਲੋੜਵੰਦ ਲੋਕਾਂ ਨੂੰ ਟੋਪੀਆਂ ਵੰਡੀਆਂ ਜਾਣਗੀਆਂ।
ਇਹ ਸਮਾਗਮ AFWWA ਦੀ 52ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਮੈਂਬਰਾਂ ਵਲੋਂ ਦੇਸ਼ ਭਰ ’ਚੋਂ ਕੁੱਲ 41,541 ਟੋਪੀਆਂ ਬੁਣੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਇਹ ਪ੍ਰਾਪਤੀ ਉਨ੍ਹਾਂ ਨੂੰ 'ਆਤਮ-ਨਿਰਭਰ' ਬਣਾਉਣ ਵੱਲ ਇਕ ਕਦਮ ਹੈ। ਨੀਤਾ ਚੌਧਰੀ ਨੇ ਇਸ ਪ੍ਰਾਪਤੀ ਲਈ ਔਰਤਾਂ ਦੀ ਸ਼ਲਾਘਾ ਕੀਤੀ।