ਮੰਮੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜਿਆ 3 ਸਾਲ ਦਾ ਬੱਚਾ, ਵੀਡੀਓ ਹੋ ਰਿਹੈ ਵਾਇਰਲ

Wednesday, Oct 19, 2022 - 11:57 AM (IST)

ਬੁਰਹਾਨਪੁਰ- ਮੱਧ  ਪ੍ਰਦੇਸ਼ ਦੇ ਬੁਰਹਾਨਪੁਰ 'ਚ ਤਿੰਨ ਸਾਲ ਦਾ ਬੱਚਾ ਆਪਣੀ ਮੰਮੀ ਦੀ ਸ਼ਿਕਾਇਤ ਕਰਨ ਪੁਲਸ ਥਾਣੇ ਪਹੁੰਚ ਗਿਆ। ਪੁਲਸ ਦੇ ਸਾਹਮਣੇ ਉਸ ਨੇ ਮਾਂ ਦੀ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ। ਬੱਚੇ ਦਾ ਕਹਿਣਾ ਸੀ ਕਿ ਉਸ ਦੀ ਮੰਮੀ ਮਾਰਦੀ ਹੈ ਅਤੇ ਚਾਕਲੇਟ ਵੀ ਚੋਰੀ ਕਰ ਲੈਂਦੀ ਹੈ। ਉਨ੍ਹਾਂ ਨੂੰ ਜੇਲ੍ਹ 'ਚ ਪਾ ਦਿਓ। ਮਹਿਲਾ ਪੁਲਸ ਅਧਿਕਾਰੀ ਨੇ ਵੀ ਬੱਚੇ ਦਾ ਦਿਲ ਰੱਖਣ ਲਈ ਕਾਗਜ਼ 'ਤੇ ਉਸ ਦੀ ਸ਼ਿਕਾਇਤ ਲਿਖ ਦਿੱਤੀ। ਹੁਣ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।  ਇਹ ਮਾਮਲਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਸ਼ਹਿਰ ਦੀ ਦੇੜਤਲਾਈ ਪੁਲਸ ਚੌਕੀ ਦਾ ਹੈ। ਚੌਕੀ ਇੰਚਾਰਜ ਐੱਸ.ਆਈ. ਪ੍ਰਿਯੰਕਾ ਨਾਇਕ ਨੇ ਦੱਸਿਆ ਕਿ ਤਿੰਨ ਸਾਲ ਦਾ ਬੱਚਾ ਨੇੜੇ ਹੀ ਰਹਿੰਦਾ ਹੈ। ਉਸ ਦੇ ਮਾਤਾ-ਪਿਤਾ ਉਸ ਨੂੰ ਕੁਝ ਵੀ ਗਲਤ ਹੋਣ 'ਤੇ ਪੁਲਸ ਨੂੰ ਫੜਾ ਦੇਣ ਦੀ ਗੱਲ ਕਹਿੰਦੇ ਸਨ। ਐਤਵਾਰ ਸਵੇਰੇ ਬੱਚਾ ਪਿਤਾ ਨਾਲ ਚੌਕੀ ਆ ਪਹੁੰਚਿਆ ਅਤੇ ਮਾਂ ਦੀ ਸ਼ਿਕਾਇਤ ਕਰਨ ਦੀ ਗੱਲ ਕਹਿਣ ਲੱਗਾ।

 

ਨਾਇਕ ਨੇ ਦੱਸਿਆ ਕਿ ਐਤਵਾਰ ਸਵੇਰੇ ਮਾਂ ਤਿੰਨ ਸਾਲ ਦੇ ਬੇਟੇ ਨੂੰ ਤਿਆਰ ਕਰ ਰਹੀ ਸੀ। ਸੁਰਮਾ ਨਹੀਂ ਲਗਵਾਉਣ 'ਤੇ ਮਾਂ ਨੇ ਉਸ ਨੂੰ ਝਿੜਕ ਦਿੱਤਾ ਤਾਂ ਬੱਚਾ ਪਿਤਾ ਨਾਲ ਪੁਲਸ ਕੋਲ ਜਾਣ ਦੀ ਜਿੱਦ ਕਰਨ ਲੱਗਾ। ਪਿਤਾ ਉਸ ਨੂੰ ਲੈ ਵੀ ਗਏ। ਥਾਣੇ 'ਚ ਉਸ ਨੇ ਦੱਸਿਆ ਕਿ ਮੰਮੀ ਨੇ ਮਾਰਿਆ ਹੈ। ਉਹ ਮੇਰੀ ਚਾਕਲੇਟ ਖੋਹ ਲੈਂਦੀ ਹੈ। ਉਨ੍ਹਾਂ ਨੂੰ ਜੇਲ੍ਹ 'ਚ ਪਾ ਦਿਓ। ਐੱਸ.ਆਈ. ਪ੍ਰਿਯੰਕਾ ਨਾਇਕ ਨੇ ਬੱਚੇ ਦਾ ਦਿਲ ਰੱਖਣ ਲਈ ਕਾਗਜ਼ 'ਤੇ ਸ਼ਿਕਾਇਤ ਨੋਟ ਕਰ ਲਈ ਅਤੇ ਬੱਚੇ ਤੋਂ ਦਸਤਖ਼ਤ ਵੀ ਕਰਵਾਏ। ਉਸ ਨੇ ਵੀ ਪੈਨ ਫੜ ਕੇ ਕਾਗਜ਼ 'ਤੇ ਲਕੀਰਾਂ ਮਾਰ ਦਿੱਤੀਆਂ। ਐੱਸ.ਆਈ. ਪ੍ਰਿਯੰਕਾ ਨੇ ਮੰਮੀ ਨੂੰ ਜੇਲ੍ਹ ਭੇਜਣ ਦੀ ਗੱਲ ਕਹਿ ਕੇ ਬੱਚੇ ਨੂੰ ਘਰ ਭੇਜ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News