ਬੈਂਗਲੁਰੂ ਦੀ ਬਿਲਡਿੰਗ ''ਚੋਂ ਮਿਲੇ 10 ਹਜ਼ਾਰ ਵੋਟਰ ਕਾਰਡ, ਭਾਜਪਾ ਵਲੋਂ ਚੋਣਾਂ ਰੱਦ ਕਰਨ ਦੀ ਮੰਗ

Wednesday, May 09, 2018 - 01:00 AM (IST)

ਨਵੀਂ ਦਿੱਲੀ— ਕਰਨਾਟਕ ਦੇ ਰਾਜਾ ਰਾਜੇਸ਼ਵਰੀ ਨਗਰ ਇਲਾਕੇ ਦੀ ਇਕ ਬਿਲਡਿੰਗ 'ਚੋਂ ਚੋਣ ਕਮਿਸ਼ਨ ਨੇ ਲਗਭਗ 10 ਹਜ਼ਾਰ ਵੋਟਰ ਆਈ.ਡੀ. ਕਾਰਡ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਮੌਕੇ ਤੋਂ ਪੰਜ ਲੈਪਟਾਪ ਤੇ ਪ੍ਰਿੰਟਰ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵਲੋਂ ਅੱਧੀ ਰਾਤ ਨੂੰ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਸਾਂਝੀ ਕੀਤੀ ਗਈ। ਚੋਣ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਵੋਟਰ ਆਈ.ਡੀ. ਕਾਰਡ ਇਲਾਕੇ ਦੀ ਆਬਾਦੀ ਦਾ 10 ਫੀਸਦੀ ਹਨ। 
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕਾਰਡ ਛੋਟੇ ਡੱਬਿਆਂ 'ਚ ਮਿਲੇ ਹਨ। ਮੌਕੇ ਤੋਂ 6ਏ ਫਾਰਮ ਵੀ ਬਰਾਮਦ ਕੀਤੇ ਗਏ ਹਨ। ਇਸ ਸਭ ਤੋਂ ਬਾਅਦ ਭਾਜਪਾ ਨੇ ਮੰਗ ਕੀਤੀ ਹੈ ਕਿ ਰਾਜਾ ਰਾਜੇਸ਼ਵਰੀ ਨਗਰ 'ਚ ਚੋਣਾਂ ਨੂੰ ਰੱਦ ਕੀਤਾ ਜਾਵੇ। ਭਾਜਪਾ ਦੇ ਮੁਤਾਬਕ ਇਹ ਬਿਲਡਿੰਗ ਹਲਕੇ ਦੇ ਕਾਂਗਰਸੀ ਉਮੀਦਵਾਰ ਮੁੰਨੀਰਤਨਾ ਦੀ ਹੈ। ਇਸ ਤੋਂ ਇਕ ਦਿਨ ਪਹਿਲਾਂ ਰਿਪੋਰਟ ਮਿਲੀ ਸੀ ਕਿ ਰਾਜਾ ਰਾਜੇਸ਼ਵਰੀ ਇਲਾਕੇ ਦੇ ਕਾਂਗਰਸੀ ਦਫਤਰ  'ਚੋਂ 20,000 ਦੇ ਕਰੀਬ ਫਰਜ਼ੀ ਵੋਟਰ ਕਾਰਡ ਮਿਲੇ ਸਨ।

ਕਾਂਗਰਸ ਨੇ ਝਾੜਿਆ ਪੱਲਾ
ਉੱਧਰ ਦੂਜੇ ਪਾਸੇ ਕਾਂਗਰਸ ਨੇ ਇਸ ਸਭ ਤੋਂ ਪੱਲਾ ਝਾੜ ਦਿੱਤਾ ਹੈ। ਕਾਂਗਰਸ ਨੇ ਭਾਜਪਾ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅੱਧੀ ਰਾਤ ਨੂੰ ਇਹ ਸਭ ਕਰਕੇ ਭਾਜਪਾ ਸਿਰਫ ਵੋਟਾਂ ਦੀ ਸਿਆਸਤ ਖੇਡ ਰਹੀ ਹੈ।


Related News