ਮਮਤਾ ਦੇ ਭਤੀਜੇ ਨੇ ਕਿਹਾ-ਦੇਸ਼ ’ਚ 10 ਦਿਨਾਂ ’ਚ ਹੋਏ 900 ਜਬਰ-ਜ਼ਨਾਹ, ਚਰਚਾ ਸਿਰਫ ਕੋਲਕਾਤਾ ਦੀ ਹੀ

Thursday, Aug 22, 2024 - 11:42 PM (IST)

ਮਮਤਾ ਦੇ ਭਤੀਜੇ ਨੇ ਕਿਹਾ-ਦੇਸ਼ ’ਚ 10 ਦਿਨਾਂ ’ਚ ਹੋਏ 900 ਜਬਰ-ਜ਼ਨਾਹ, ਚਰਚਾ ਸਿਰਫ ਕੋਲਕਾਤਾ ਦੀ ਹੀ

ਕੋਲਕਾਤਾ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 10 ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਬਰ-ਜ਼ਨਾਹ ਦੀਆਂ ਕਰੀਬ 900 ਘਟਨਾਵਾਂ ਵਾਪਰੀਆਂ ਹਨ।

ਬੈਨਰਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ ਕਿ ਪਿਛਲੇ 10 ਦਿਨਾਂ ’ਚ ਪੂਰਾ ਦੇਸ਼ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ਦੀ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ, ਜਦ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲੱਗਭਗ 900 ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ। ਜਦੋਂ ਲੋਕ ਇਸ ਭਿਆਨਕ ਅਪਰਾਧ ਖਿਲਾਫ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ, ਅਫ਼ਸੋਸ ਦੀ ਗੱਲ ਹੈ ਕਿ ਸਥਾਈ ਹੱਲ ਲਈ ਅਜੇ ਵੀ ਵੱਡੇ ਪੱਧਰ ’ਤੇ ਚਰਚਾ ਨਹੀਂ ਹੋਈ ਹੈ।

ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਹਰੇਕ ਦਿਨ 90 ਜਬਰ-ਜ਼ਨਾਹ ਦੀਆਂ ਘਟਨਾਵਾਂ, ਹਰ ਘੰਟੇ 4 ਤੇ ਹਰ 15 ਮਿੰਟ ’ਚ ਅਜਿਹੀ ਇਕ ਘਟਨਾ ਦੇ ਦ੍ਰਿਸ਼ਟੀਕੋਣ ’ਚ ਸਪੱਸ਼ਟ ਤੌਰ ’ਤੇ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ। ਅਜਿਹੇ ਸਖ਼ਤ ਕਾਨੂੰਨਾਂ ਦੀ ਲੋੜ ਹੈ ਜੋ 50 ਦਿਨਾਂ ਅੰਦਰ ਮੁਕੱਦਮੇ ਅਤੇ ਦੋਸ਼ੀ ਠਹਿਰਾਉਣ ਨੂੰ ਲਾਜ਼ਮੀ ਬਣਾਉਣ, ਉਸ ਤੋਂ ਬਾਅਦ ਸਖ਼ਤ ਸਜ਼ਾ ਦੇਣ, ਨਾ ਕਿ ਸਿਰਫ਼ ਖੋਖਲੇ ਵਾਅਦੇ ਕੀਤੇ ਜਾਣ।

ਰਾਜ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕੇਂਦਰ ’ਤੇ ਇਕ ਵਿਆਪਕ ਜਬਰ-ਜ਼ਨਾਹ ਵਿਰੋਧੀ ਕਾਨੂੰਨ ਬਣਾਉਣ ਲਈ ਤਤਕਾਲ ਦਬਾਅ ਪਾਉਣਾ ਚਾਹੀਦਾ ਹੈ, ਜੋ ਤੇਜ਼ ਅਤੇ ਸਖ਼ਤ ਨਿਆਂ ਨੂੰ ਯਕੀਨੀ ਬਣਾਵੇ।


author

Rakesh

Content Editor

Related News