ਸਹੁੰ ਚੁੱਕਣ ਤੋਂ ਬਾਅਦ 9 ਨਿਆਇਕ, ਤਕਨੀਕੀ ਮੈਂਬਰ NCLT 'ਚ ਹੋਏ ਸ਼ਾਮਲ
Saturday, Nov 19, 2022 - 02:15 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਦੇ 9 ਨਿਆਇਕ ਅਤੇ ਤਕਨੀਕੀ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦਿਵਾਲੀਆ ਟ੍ਰਿਬਿਊਨਲ ਦੇ ਕੰਪਲੈਕਸ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਸਹੁੰ ਚੁੱਕੀ। ਐੱਨ.ਸੀ.ਐੱਲ.ਟੀ. ’ਚ 63 ਮੈਂਬਰ ਹੋਣੇ ਚਾਹੀਦੇ ਸਨ ਪਰ ਹੁਣ ਤੱਕ ਸਿਰਫ਼ 27 ਮੈਂਬਰ ਹੀ ਸਨ। ਇਹ ਸੰਸਥਾ ਜੱਜਾਂ ਦੀ ਕਮੀ ਦੀ ਸਮੱਸਿਆ ਤੋਂ ਵੀ ਜੂਝ ਰਹੀ ਹੈ। ਐੱਨ. ਸੀ. ਐੱਲ. ਟੀ. ਦੇ ਪ੍ਰਧਾਨ ਜਸਟਿਸ ਰਾਮਲਿੰਗਮ ਸੁਧਾਕਰ ਨੇ 4 ਨਿਆਂਇਕ ਅਤੇ 5 ਤਕਨੀਕੀ ਮੈਂਬਰਾਂ ਨੂੰ ਸਹੁੰ ਚੁਕਾਈ। ਨਵੇਂ ਨਿਯੁਕਤ ਕੀਤੇ ਗਏ ਨਿਆਂਇਕ ਮੈਂਬਰਾਂ ’ਚ ਕੁਲਦੀਪ ਕੁਮਾਰ ਕਰੀਰ, ਬਿਦਿਸ਼ਾ ਬੈਨਰਜੀ, ਪ੍ਰਵੀਨ ਗੁਪਤਾ ਅਤੇ ਅਸ਼ੋਕ ਕੁਮਾਰ ਭਾਰਦਵਾਜ ਸ਼ਾਮਲ ਹਨ। ਨਵੇਂ ਤਕਨੀਕੀ ਮੈਂਬਰਾਂ ਦੇ ਨਾਂ ਅਤੁਲ ਚਤੁਰਵੇਦੀ, ਅਨੂ ਜਗਮੋਹਨ ਸਿੰਘ, ਅਸ਼ੀਸ਼ ਵਰਮਾ, ਚਰਨ ਸਿੰਘ ਅਤੇ ਪ੍ਰਭਾਤ ਕੁਮਾਰ ਹਨ।
ਇਸ ਮਹੀਨੇ ਦੀ ਸ਼ੁਰੂਆਤ ’ਚ ਸਰਕਾਰ ਨੇ ਐੱਨ.ਸੀ.ਐੱਲ.ਟੀ. ’ਚ ਕੁੱਲ 18 ਨਿਆਇਕ ਅਤੇ ਤਕਨੀਕੀ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ, ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 5 ਸਾਲ ਜਾਂ ਮੈਂਬਰ ਦੀ ਉਮਰ 65 ਸਾਲ ਹੋਣ ਤੱਕ ਰਹੇਗਾ। ਐੱਨ.ਸੀ.ਐੱਲ.ਟੀ. ਕੁੱਲ 28 ਸ਼ਾਖਾਵਾਂ ਹਨ। ਇਹ ਪਹਿਲੀ ਵਾਰ ਹੈ ਕਿ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ’ਚ ਪੰਜਾਬ ਦੇ ਕਿਸੇ ਨਿਆਂਇਕ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਐਡਵੋਕੇਟ ਪ੍ਰਵੀਨ ਗੁਪਤਾ ਚੰਡੀਗੜ੍ਹ ਦੇ ਰਹਿਣ ਵਾਲੇ ਹਨ।