15 ਤੋਂ 18 ਸਾਲ ਉਮਰ ਦੇ 80 ਫ਼ੀਸਦੀ ਬੱਚਿਆਂ ਨੂੰ ਲੱਗੀ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ: ਸਿਹਤ ਮੰਤਰੀ
Tuesday, May 24, 2022 - 05:08 PM (IST)
ਨਵੀਂ ਦਿੱਲੀ- ਦੇਸ਼ ’ਚ 15 ਤੋਂ 18 ਸਾਲ ਦੇ ਉਮਰ ਵਰਗ ਦੇ 80 ਫ਼ੀਸਦੀ ਤੋਂ ਵਧੇਰੇ ਬੱਚਿਆਂ ਨੂੰ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਮਿਲ ਚੁੱਕੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਰਿਪੋਰਟ ਮੁਤਾਬਕ ਮੰਗਲਵਾਰ ਸਵੇਰੇ 7 ਵਜੇ ਤੱਕ ਭਾਰਤ ’ਚ ਕੋਵਿਡ ਰੋਕੂ ਟੀਕੇ ਦੀ ਦਿੱਤੀ ਜਾ ਚੁੱਕੀ ਖ਼ੁਰਾਕ ਦੀ ਕੁੱਲ ਗਿਣਤੀ 192.52 ਕਰੋੜ ਤੋਂ ਵੱਧ ਸੀ।
ਭਾਰਤ ਨੇ 3 ਜਨਵਰੀ ਤੋਂ 15 ਤੋਂ 18 ਸਾਲ ਦੇ ਉਮਰ ਵਰਗ ਦਾ ਟੀਕਾਕਰਨ ਸ਼ੁਰੂ ਕੀਤਾ। ਹੁਣ ਤੱਕ ਇਸ ਉਮਰ ਵਰਗ ਦੇ 5 ਕਰੋੜ 92 ਲੱਖ ਲਾਭਪਾਤਰੀਆਂ ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਮਾਂਡਵੀਆ ਨੇ ਟਵੀਟ ਕੀਤਾ, ‘‘ਨੌਜਵਾਨ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾ ਰਿਹਾ ਹੈ। 15 ਤੋਂ 18 ਉਮਰ ਵਰਗ ਦੇ 80 ਫ਼ੀਸਦੀ ਤੋਂ ਵੱਧ ਨੌਜਵਾਨਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਪ੍ਰਾਪਤ ਕੀਤੀ ਹੈ।’’
ਦੱਸ ਦੇਈਏ ਕਿ ਦੇਸ਼ ਭਰ ’ਚ ਕੋਵਿਡ ਟੀਕਾਕਰਨ ਮੁਹਿੰਮ ਪਿਛਲੇ ਸਾਲ 16 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ’ਚ ਪਹਿਲੇ ਪੜਾਅ ’ਚ ਸਿਹਤ ਕਾਮਿਆਂ ਨੂੰ ਟੀਕਾ ਲਾਇਆ ਗਿਆ ਸੀ। ਫਰੰਟਲਾਈਨ ਦੇ ਕਾਮਿਆਂ ਦਾ ਟੀਕਾਕਰਨ ਪਿਛਲੇ ਸਾਲ 2 ਫਰਵਰੀ ਤੋਂ ਸ਼ੁਰੂ ਹੋਇਆ ਸੀ। ਬਾਅਦ ’ਚ ਟੀਕਾਕਰਨ ਮੁਹਿੰਮ ਦਾ ਦਾਇਰਾ ਲੜੀਬੱਧ ਤਰੀਕੇ ਨਾਲ ਬਾਕੀ ਆਬਾਦੀ ਲਈ ਵਧਾਇਆ ਗਿਆ।