ਦਿੱਲੀ ਸਰਕਾਰ ਵਸਾਏਗੀ ਇਲੈਕਟ੍ਰਾਨਿਕ ਸਿਟੀ, 80 ਹਜ਼ਾਰ ਲੋਕਾਂ ਨੂੰ ਮਿਲਣਗੇ ਰੁਜ਼ਗਾਰ : ਮਨੀਸ਼ ਸਿਸੋਦੀਆ
Saturday, Mar 26, 2022 - 01:58 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਨੂੰ ਇਕ ਇਲੈਕਟ੍ਰਾਨਿਕ ਸਿਟੀ ਵਸਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨਾਲ ਕਰੀਬ 80 ਹਜ਼ਾਰ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਸਿਸੋਦੀਆ ਨੇ ਰਾਜ ਵਿਧਾਨ ਸਭਾ 'ਚ ਵਿੱਤ ਸਾਲ 2022-23 ਦਾ ਬਜਟ ਪੇਸ਼ ਕਰਦੇ ਹੋਏ ਦਿੱਲੀ 'ਚ ਇਲੈਕਟ੍ਰਾਨਿਕ ਸਿਟੀ ਵਸਾਉਣ ਦਾ ਪ੍ਰਸਤਾਵ ਰੱਖਿਆ। ਇਸ ਨੂੰ ਦਿੱਲੀ ਦੇ ਬਾਪਰੋਲਾ ਇਲਾਕੇ 'ਚ ਸਥਾਪਤ ਕੀਤਾ ਜਾਵੇਗਾ। ਵਿੱਤ ਮੰਤਰੀ ਦਾ ਚਾਰਜ ਸੰਭਾਲਣ ਵਾਲੇ ਸਿਸੋਦੀਆ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ,''ਅਸੀਂ ਦਿੱਲੀ ਦੇ ਬਾਪਰੋਲਾ 'ਚ ਇਲੈਕਟ੍ਰਾਨਿਕਸ ਉਤਪਾਦਾਂ ਦੇ ਨਿਰਮਾਣ ਨੂੰ ਉਤਸ਼ਾਹ ਦੇਣ ਲਈ ਇਕ ਇਲੈਕਟ੍ਰਾਨਿਕ ਸਿਟੀ ਵਸਾਉਣਗੇ। ਇਸ ਨਾਲ 80 ਹਜ਼ਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।''
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸੂਚਨਾ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਵੀ ਦਿੱਲੀ ਆਉਣ ਲਈ ਉਤਸ਼ਾਹਤ ਹੋਣਗੀਆਂ। ਉਨ੍ਹਾਂ ਕਿਹਾ,''ਸਾਡਾ ਰੁਜ਼ਗਾਰ ਪੈਦਾ ਕਰਨ ਲਈ ਇਲੈਕਟ੍ਰਾਨਿਕ ਸਿਟੀ ਵਸਾਉਣ ਦਾ ਇਰਾਦਾ ਹੈ। ਅਸੀਂ ਦਿੱਲੀ 'ਚ ਆਧਾਰ ਖੜ੍ਹਾ ਕਰਨ ਲਈ ਇਲੈਕਟ੍ਰਾਨਿਕ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ 90 ਏਕੜ 'ਚ ਨਿਰਮਾਣ ਕੇਂਦਰ ਵੀ ਬਣਾਉਣਗੇ। ਉਦਯੋਗਿਕ ਖੇਤਰਾਂ ਦੇ ਮੁੜ ਵਿਕਾਸ ਨਾਲ 6 ਲੱਖ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ।'' ਸਿਸੋਦੀਆ ਨੇ ਵਿਧਾਨ ਸਭਾ 'ਚ ਵਿੱਤ ਸਾਲ 2022-23 ਲਈ 75,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਬਜਟ ਸਾਲ 2021-22 ਦੇ 69 ਹਜ਼ਾਰ ਕਰੋੜ ਰੁਪਏ ਦੇ ਬਜਟ ਤੋਂ 9.86 ਫੀਸਦੀ ਵਧ ਹੈ। ਸਿਸੋਦੀਆ ਨੇ ਇਸ ਨੂੰ 'ਰੁਜ਼ਗਾਰ ਬਜਟ' ਦੱਸਦੇ ਹੋਏ ਕਿਹਾ ਕਿ ਇਸ ਨਾਲ ਦਿੱਲੀ 'ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਫ) ਦੀ ਸਰਕਾਰ ਦਾ ਲਗਾਤਾਰ 8ਵਾਂ ਬਜਟ ਹੈ।