ਮੋਦੀ ਸਰਕਾਰ ਦੀ ਪਹਿਲਕਦਮੀ, ਬਾਰਾਮੂਲਾ ਦੇ ਸਰਕਾਰੀ ਹਸਪਤਾਲ ਨੂੰ ਮਿਲੇ 8 ਵੈਂਟੀਲੇਟਰ
Wednesday, Sep 16, 2020 - 05:28 PM (IST)

ਬਾਰਾਮੂਲਾ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 8 ਵੈਂਟੀਲੇਟਰ ਸਰਕਾਰੀ ਮੈਡੀਕਲ ਕਾਲਜ, ਬਾਰਾਮੂਲਾ ਨੂੰ ਸੌਂਪੇ ਹਨ। ਇਹ ਹਸਪਤਾਲ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਵਾਲਾ ਹਸਪਤਾਲ ਹੈ। ਜੰਮੂ-ਕਸ਼ਮੀਰ ਮੈਡੀਕਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਵਲੋਂ ਕੁਝ ਦਿਨ ਪਹਿਲਾਂ ਹੀ ਵੈਂਟੀਲੇਟਰਾਂ ਦੀ ਖਰੀਦ ਦੀ ਸਹੂਲਤ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਰਕਾਰੀ ਹਸਪਤਾਲਾਂ 'ਚ ਡਾਕਟਰੀ ਉਪਕਰਣਾਂ ਦੀ ਸਪਲਾਈ ਲਈ ਸੌਂਪੀ ਗਈ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਕੋਵਿਡ-19 ਹਸਪਤਾਲਾਂ ਨੂੰ ਵੀ ਵੈਂਟੀਲੇਟਰ ਪ੍ਰਦਾਨ ਕੀਤੇ ਗਏ ਹਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਮੈਡੀਕਲ ਢਾਂਚੇ ਦੇ ਵਿਕਾਸ 'ਚ ਡੂੰਘੀ ਦਿਲਚਸਪੀ ਲੈ ਰਹੀ ਹੈ।
ਵੈਂਟੀਲੇਟਰ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਪਰਿਵਾਰਾਂ ਅਤੇ ਸਥਾਨਕ ਨਗਰ ਪਾਲਿਕਾ ਨੇ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ ਹੈ। ਇਸ ਨਾਲ ਮਰੀਜ਼ਾਂ ਨੂੰ ਮਦਦ ਮਿਲੇਗੀ, ਜੋ ਪਹਿਲਾਂ ਵੈਂਟੀਲੇਟਰ ਦੀ ਘਾਟ ਕਾਰਨ ਪੀੜਤ ਸਨ। ਓਧਰ ਬਾਰਾਮੂਲਾ ਦੇ ਕੌਂਸਲਰ ਆਬਿਦ ਸਲਾਮ ਨੇ ਕਿਹਾ ਕਿ ਬਾਰਾਮੂਲਾ ਨੂੰ ਵੈਂਟੀਲੇਟਰ ਦੇਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕਰਦੇ ਹਾਂ। ਪਹਿਲਾਂ ਹਸਪਤਾਲ ਖਰਾਬ ਹਾਲਾਤ 'ਚ ਸਨ। ਵੈਂਟੀਲੇਟਰ ਦੀ ਸਹੂਲਤ ਉਪਲੱਬਧ ਨਹੀਂ ਸੀ। ਜਿਸ ਕਾਰਨ ਸਾਨੂੰ ਗੰਭੀਰ ਬੀਮਾਰੀ ਵਾਲੇ ਮਰੀਜ਼ਾਂ ਨੂੰ ਹੋਰ ਥਾਵਾਂ 'ਤੇ ਰੈਫਰ ਕਰਨਾ ਪੈਂਦਾ ਸੀ। ਇਹ ਨਵੇਂ ਵੈਂਟੀਲੇਟਰ ਹਸਪਤਾਲ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਬਦਲਣਗੇ, ਕਿਉਂਕਿ ਪਹਿਲਾਂ ਉਨ੍ਹਾਂ ਨੂੰ ਮਰੀਜ਼ਾਂ ਨੂੰ ਸ਼੍ਰੀਨਗਰ ਦੇ ਹਸਪਤਾਲਾਂ 'ਚ ਭੇਜਣਾ ਪੈਂਦਾ ਸੀ। ਇੱਥੇ ਇਕ ਵਾਇਰੋਲਾਜੀ ਲੈਬ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਅਸੀਂ ਡਾਇਲਿਸਸ ਸਹੂਲਤ ਨੂੰ ਵੀ ਉੱਨਤ ਬਣਾਇਆ ਹੈ। ਅਹਿਮਦ ਨੇ ਕਿਹਾ ਕਿ ਸਾਡੇ ਕੋਲ 8 ਵੈਂਟੀਲੇਟਰ ਹਨ ਅਤੇ ਅਸੀਂ ਭਵਿੱਖ ਵਿਚ ਹੋਰ ਵਧੇਰੇ ਵੈਂਟੀਲੇਟਰ ਦੀ ਉਮੀਦ ਕਰ ਰਹੇ ਹਾਂ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਹਿਲਾਂ ਹੀ ਕੋਵਿਡ-19 ਆਫ਼ਤ ਦਰਮਿਆਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹਸਪਤਾਲਾਂ ਲਈ 700 ਵੈਂਟੀਲੇਟਰ ਦੀ ਖਰੀਦ ਦਾ ਹੁਕਮ ਦਿੱਤਾ ਹੈ। ਕਸ਼ਮੀਰ ਦੇ ਹਸਪਤਾਲ ਪਹਿਲਾਂ ਤੋਂ ਹੀ ਦੇਖਭਾਲ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।