483 ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਮਰੀਜ਼ਾਂ ਲਈ 7740 ਹਸਪਤਾਲ- ਸਿਹਤ ਮੰਤਰਾਲਾ
Sunday, May 10, 2020 - 07:28 PM (IST)

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੇ 483 ਜ਼ਿਲ੍ਹਿਆਂ 'ਚ 7,740 ਕੋਵਿਡ-19 ਦੇ ਮਰੀਜ਼ਾਂ ਲਈ ਵਿਸ਼ੇਸ਼ ਕੇਂਦਰਾਂ ਦੀ ਪਛਾਣ ਕੀਤੀ ਗਈ ਹੈ। ਮੰਤਰਾਲਾ ਮੁਤਾਬਕ ਮਹਾਮਾਰੀ ਤੋਂ ਨਜਿੱਠਣ ਲਈ ਸਮਰੱਥ ਸਿਹਤ ਬੁਨਿਆਦੀ ਢਾਂਚਾ ਉਪਲੱਬਧ ਹੈ। ਕੋਵਿਡ-19 ਪ੍ਰਬੰਧਨ ਲਈ ਸਮਰਪਤ ਵਿਅਕਤੀ ਸਿਹਤ ਕੇਂਦਰਾਂ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ- ਸਮਰਪਤ ਕੋਵਿਡ ਹਸਪਤਾਲ (ਡੀ.ਸੀ.ਐਚ), ਸਮਰਪਤ ਕੋਵਿਡ ਸਿਹਤ ਕੇਂਦਰ (ਡੀ.ਸੀ.ਐਚ.ਸੀ.) ਅਤੇ ਸਮਰਪਤ ਕੋਵਿਡ ਦੇਖਭਾਲ ਕੇਂਦਰ (ਡੀ.ਸੀ.ਸੀ.ਸੀ.)। ਸਿਹਤ ਮੰਤਰਾਲਾ ਨੇ ਇੱਕ ਬਿਆਨ 'ਚ ਕਿਹਾ ਕਿ ਐਤਵਾਰ ਤੱਕ ਸਾਰੇ ਰਾਜਾਂ- ਕੇਂਦਰ ਸ਼ਾਸਿਤ ਖੇਤਰਾਂ ਦੇ 483 ਜ਼ਿਲ੍ਹਿਆਂ 'ਚ 7740 ਕੇਂਦਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ 'ਚ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਹਸਪਤਾਲ ਅਤੇ ਦੇਖਭਾਲ ਕੇਂਦਰਾਂ ਦੇ ਨਾਲ ਹੀ ਕੇਂਦਰ ਸਰਕਾਰ ਨਾਲ ਜੁੜੇ ਹਸਪਤਾਲ ਵੀ ਸ਼ਾਮਲ ਹਨ।
ਬਿਆਨ 'ਚ ਕਿਹਾ ਗਿਆ ਹੈ ਕਿ ਕੁਲ 6,56,769 ਵੱਖਰੇ ਬਿਸਤਰੇ ਹਨ ਜਿਨ੍ਹਾਂ 'ਚੋਂ 3,05,567 ਸੰਕਰਮਣ ਦੇ ਪੁਸ਼ਟੀ ਮਾਮਲਿਆਂ ਲਈ ਜਦੋਂ ਕਿ 3,51,204 ਸੰਕਰਮਣ ਦੇ ਸ਼ੱਕੀ ਮਾਮਲਿਆਂ ਲਈ ਹਨ। ਆਕਸੀਜਨ ਦੀ ਸਹੂਲਤਾਂ ਵਾਲੇ 99,492 ਬਿਸਤਰੇ ਹਨ ਜਦੋਂ ਕਿ 1,696 'ਚ ਪਾਇਪਲਾਈਨ ਰਾਹੀਂ ਆਕਸੀਜਨ ਦੇਣ ਦੀ ਸਹੂਲਤ ਹੈ, ਇਸ ਤੋਂ ਇਲਾਵਾ 34,076 ਆਈ.ਸੀ.ਯੂ. ਬਿਸਤਰੇ ਹਨ। ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਦੀ ਜਾਣਕਾਰੀ ਲਈ ਆਪਣੀ ਵੈੱਬਸਾਇਟ 'ਤੇ ਤਿੰਨ ਤਰ੍ਹਾਂ ਦੇ ਕੋਵਿਡ-19 ਸਮਰਪਤ ਕੇਂਦਰਾਂ ਦੀ ਜਾਣਕਾਰੀ ਅਪਲੋਡ ਕਰੋ ਅਤੇ 32 ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਨੇ ਅਜਿਹਾ ਕਰ ਵੀ ਦਿੱਤਾ ਹੈ ਜਦੋਂ ਕਿ ਹੋਰ ਇਸ ਪ੍ਰਕਿਰਿਆ 'ਚ ਲੱਗੇ ਹੋਏ ਹਨ।