ਡਰਾਈਵਰ-ਆਫਿਸ ਬੁਆਏ ਦੇ ਨਾਂ ’ਤੇ 60 ਸ਼ੈੱਲ ਕੰਪਨੀਆਂ, 6200 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼

Saturday, Jan 03, 2026 - 03:16 AM (IST)

ਡਰਾਈਵਰ-ਆਫਿਸ ਬੁਆਏ ਦੇ ਨਾਂ ’ਤੇ 60 ਸ਼ੈੱਲ ਕੰਪਨੀਆਂ, 6200 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼

ਨਵੀਂ ਦਿੱਲੀ - ਕੋਲਕਾਤਾ ਦੇ ਇਕ ਕਾਰੋਬਾਰੀ ਨੇ ਡਰਾਈਵਰਾਂ, ਹਾਊਸ-ਕੀਪਿੰਗ ਸਟਾਫ, ਆਫਿਸ ਬੁਆਏ, ਜੂਨੀਅਰ ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਨੂੰ ਡਾਇਰੈਕਟਰ ਬਣਾ ਕੇ 60 ਫਰਜ਼ੀ ਕੰਪਨੀਆਂ ਦਾ ਜਾਲ ਖੜ੍ਹਾ ਕੀਤਾ। ਇਨ੍ਹਾਂ ਕੰਪਨੀਆਂ ਰਾਹੀਂ ਆਇਰਨ ਅਤੇ ਸਟੀਲ ਮੈਨੂਫੈਕਚਰਿੰਗ ’ਚ ਹਜ਼ਾਰਾਂ ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਕਾਗਜ਼ਾਂ ’ਤੇ ਦਿਖਾਇਆ ਗਿਆ। ਅਸਲ ’ਚ ਨਾ ਕੋਈ ਮਾਲ ਬਣਿਆ, ਨਾ ਖਰੀਦਿਆ ਗਿਆ ਅਤੇ ਨਾ ਹੀ ਵੇਚਿਆ ਗਿਆ।

ਇਸ ਘਪਲੇ ਦੀ ਪੂਰੀ ਸਕ੍ਰਿਪਟ ਕਾਰੋਬਾਰੀ ਸੰਜੇ ਸੁਰੇਕਾ ਨੇ ਤਿਆਰ ਕੀਤੀ। ਉਸ ਨੇ ਦਰਜਨਾਂ ਸ਼ੈੱਲ ਕੰਪਨੀਆਂ ਬਣਾਈਆਂ ਅਤੇ ਯੂਕੋ ਬੈਂਕ ਦੇ ਤਤਕਾਲੀ ਮੁੱਖ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਐੱਸ. ਕੇ. ਗੋਇਲ ਦੀ ਮਦਦ ਨਾਲ 6200 ਕਰੋੜ ਰੁਪਏ ਦਾ ਲੋਨ ਹਾਸਲ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਰਿਪੋਰਟ ਮੁਤਾਬਕ ਇੰਨੇ ਵੱਡੇ ਲੋਨ ਦੇ ਮੁਕਾਬਲੇ ਕੰਪਨੀ ਦੀਆਂ ਅਸਲ ਜਾਇਦਾਦਾਂ ਦੀ ਕੀਮਤ ਸਿਰਫ਼ ਕਰੀਬ 600 ਕਰੋੜ ਰੁਪਏ ਸੀ, ਜਦਕਿ ਹੁਣ ਤੱਕ ਜਾਇਦਾਦਾਂ ਵੇਚ ਕੇ ਸਿਰਫ਼ 434 ਕਰੋੜ ਰੁਪਏ ਹੀ ਵਸੂਲੇ ਜਾ ਸਕੇ ਹਨ।

ਗ੍ਰਿਫ਼ਤਾਰੀ ਤੋਂ ਬਾਅਦ ਖੁੱਲ੍ਹਿਆ ਰਾਜ਼
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 16 ਮਈ ਨੂੰ ਈ.ਡੀ. ਨੇ ਨਵੀਂ ਦਿੱਲੀ ਵਿਚ ਗੋਇਲ ਦੇ ਘਰੋਂ ਉਸ ਦੀ ਗ੍ਰਿਫ਼ਤਾਰੀ ਕੀਤੀ। ਇਸ ਤੋਂ ਬਾਅਦ ਏਜੰਸੀ ਨੇ ਉਸ ਦੇ ਪਰਿਵਾਰ ਅਤੇ ਸਹਿਯੋਗੀਆਂ ਨਾਲ ਜੁੜੀਆਂ 106 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅਟੈਚ ਕਰ ਲਿਆ। ਉੱਥੇ ਹੀ, ਸੰਜੇ ਸੁਰੇਕਾ ਅਤੇ ਉਸ ਦੇ ਸਾਥੀਆਂ ਨੂੰ ਦਸੰਬਰ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈ.ਡੀ. ਨੇ ਉਨ੍ਹਾਂ ਖ਼ਿਲਾਫ਼ ਸੀ.ਬੀ.ਆਈ. ਦੀ ਐੱਫ.ਆਈ.ਆਰ. ਦੇ ਆਧਾਰ ’ਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ।

ਸ਼ੈੱਲ ਕੰਪਨੀਆਂ ਰਾਹੀਂ ਖਰੀਦੀਆਂ ਗਈਆਂ ਜਾਇਦਾਦਾਂ
ਈ. ਡੀ. ਮੁਤਾਬਕ ਗੋਇਲ ਨੂੰ ਬਦਲੇ ਵਿਚ ਸ਼ੈੱਲ ਕੰਪਨੀਆਂ ਦੇ ਨਾਂ ’ਤੇ ਪੈਸਾ ਟ੍ਰਾਂਸਫਰ ਕੀਤਾ ਗਿਆ। ਇਨ੍ਹਾਂ ਕੰਪਨੀਆਂ ਨੇ ਗੋਇਲ ਦੇ ਨਾਂ ’ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਅਤੇ ਬਾਅਦ ਵਿਚ ਇਨ੍ਹਾਂ ਫਰਮਾਂ ਦੀ ਮਾਲਕੀ ਗੋਇਲ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਕ ਰਿਪੋਰਟ ਵਿਚ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਮਾਮਲਾ ਦੱਸਦਾ ਹੈ ਕਿ ਕਿਵੇਂ ਫਰਜ਼ੀ ਟਰਨਓਵਰ, ਸਰਕੂਲਰ ਟ੍ਰਾਂਜੈਕਸ਼ਨ ਅਤੇ ਸਿਸਟਮ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਪੂਰੇ ਵਿੱਤੀ ਸਿਸਟਮ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ। ਇਸ ਘਪਲੇ ਵਿਚ ਵਿਆਜ ਨੂੰ ਛੱਡ ਕੇ ਸਰਕਾਰੀ ਬੈਂਕਾਂ ਨੂੰ 6210.7 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ।

ਨਕਲੀ ਬਿੱਲ, ਫਰਜ਼ੀ ਟਰੱਕ ਅਤੇ ਕਾਗਜ਼ੀ ਕਾਰੋਬਾਰ
ਈ. ਡੀ. ਦੀ ਜਾਂਚ ਵਿਚ ਸਾਹਮਣੇ ਆਇਆ ਕਿ ਸੀ. ਐੱਸ. ਪੀ. ਐੱਲ. ਨੇ ਜੁੜੀਆਂ ਹੋਈਆਂ ਕੰਪਨੀਆਂ ਦੇ ਨਾਲ ਲੋਹੇ-ਸਟੀਲ ਦੀ ਖਰੀਦ-ਵੇਚ ਦਾ ਸਿਰਫ਼ ਨਾਟਕ ਕੀਤਾ। ਇਸ ਲਈ ਜਾਅਲੀ ਇਨਵਾਇਸ, ਫਰਜ਼ੀ ਲੇਜ਼ਰ ਐਂਟਰੀਆਂ ਅਤੇ ਨਕਲੀ ਟ੍ਰਾਂਸਪੋਰਟ ਦਸਤਾਵੇਜ਼ ਤਿਆਰ ਕੀਤੇ ਗਏ। ਸੂਤਰਾਂ ਅਨੁਸਾਰ ਕਾਗਜ਼ਾਂ ’ਤੇ ਟਰੱਕਾਂ ਨੂੰ ਫੈਕਟਰੀਆਂ ਅਤੇ ਸ਼ੈੱਲ ਕੰਪਨੀਆਂ ਦੇ ਵਿਚਾਲੇ ਮਾਲ ਲਿਜਾਂਦੇ ਦਿਖਾਇਆ ਗਿਆ, ਜਦਕਿ ਅਸਲ ਵਿਚ ਕੋਈ ਟਰੱਕ ਨਹੀਂ ਚੱਲਿਆ, ਕੋਈ ਮਾਲ ਲੋਡ ਨਹੀਂ ਹੋਇਆ ਅਤੇ ਕੋਈ ਡਿਲੀਵਰੀ ਨਹੀਂ ਹੋਈ।

99 ਫ਼ੀਸਦੀ ਲੈਣ-ਦੇਣ ਸਿਰਫ਼ ਕਾਗਜ਼ਾਂ ’ਚ
ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਨਾ ਤਾਂ ਵਿਕਰੀ ਦੀ ਰਕਮ ਅਤੇ ਨਾ ਹੀ ਖਰੀਦ ਦਾ ਭੁਗਤਾਨ ਬੈਂਕਾਂ ਰਾਹੀਂ ਹੋਇਆ। ਕਰੀਬ 99 ਫ਼ੀਸਦੀ ਟ੍ਰਾਂਜੈਕਸ਼ਨਾਂ ਸਿਰਫ਼ ਬੁੱਕ ਐਂਟਰੀਆਂ ਸਨ। ਇਸ ਦੇ ਬਾਵਜੂਦ ਕਈ ਸਾਲਾਂ ਤੱਕ ਬੈਂਕ ਬਿਨਾਂ ਸ਼ੱਕ ਕੀਤੇ ਲੋਨ ਦਿੰਦੇ ਰਹੇ। ਸੂਤਰਾਂ ਨੇ ਦੱਸਿਆ ਕਿ 2017 ਤੱਕ ਇਹ ਧੋਖਾਦੇਹੀ ਆਪਣੇ ਸਿਖਰ ’ਤੇ ਪਹੁੰਚ ਗਈ ਸੀ। ਵਿਕਰੀ ਅਤੇ ਖਰੀਦ ਦੋਵਾਂ ਵਿਚ ਪੈਸੇ ਦਾ ਅਸਲੀ ਲੈਣ-ਦੇਣ ਨਹੀਂ ਹੋਇਆ, ਸਿਰਫ਼ ਐਂਟਰੀਆਂ ਘੁਮਾ ਕੇ ਖਰਚੇ, ਵਰਕਿੰਗ ਕੈਪੀਟਲ ਅਤੇ ਵੱਡੇ ਫੰਡ ਕਢਾਉਣ ਨੂੰ ਸਹੀ ਠਹਿਰਾਇਆ ਗਿਆ।

ਬਿਨਾਂ ਵਿਆਜ-ਪੈਨਲਟੀ ਦੇ ਹਜ਼ਾਰਾਂ ਕਰੋੜ ਦਾ ਲੋਨ
ਈ. ਡੀ. ਅਨੁਸਾਰ ਇਸ ਪੂਰੇ ਘਪਲੇ ਦੇ ਕੇਂਦਰ ਵਿਚ ‘ਕਾਨਕਾਸਟ ਸਟੀਲ ਐਂਡ ਪਾਵਰ ਲਿਮਟਿਡ’ (ਸੀ. ਐੱਸ. ਪੀ. ਐੱਲ.) ਸੀ। ਇਹ ਕੰਪਨੀ ਕਦੇ ਪੱਛਮੀ ਬੰਗਾਲ, ਓਡਿਸ਼ਾ ਅਤੇ ਆਂਧਰਾ ਪ੍ਰਦੇਸ਼ ਵਿਚ ਪਲਾਂਟ ਚਲਾਉਣ ਵਾਲਾ ਵੱਡਾ ਆਇਰਨ-ਸਟੀਲ ਗਰੁੱਪ ਮੰਨੀ ਜਾਂਦੀ ਸੀ, ਜਿਸ ਨੂੰ 2008 ਵਿਚ ਸੁਰੇਕਾ ਨੇ ਟੇਕਓਵਰ ਕਰ ਲਿਆ ਸੀ। ਇਸ ਤੋਂ ਬਾਅਦ ਸ਼ੈੱਲ ਕੰਪਨੀਆਂ ਰਾਹੀਂ ਫਰਜ਼ੀ ਕਾਰੋਬਾਰ ਦਿਖਾ ਕੇ ਬੈਂਕਾਂ ਤੋਂ ਲੋਨ ਲਿਆ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਸੁਰੇਕਾ ਨੇ ਗੋਇਲ, ਜੋ 2007 ਤੋਂ 2010 ਵਿਚਾਲੇ ਯੂਕੋ ਬੈਂਕ ਦੇ ਸੀ.ਐੱਮ.ਡੀ. ਸਨ, ਦੀ ਮਦਦ ਨਾਲ ਬਿਨਾਂ ਵਿਆਜ ਅਤੇ ਪੈਨਲਟੀ ਦੇ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਪਾਸ ਕਰਵਾ ਲਿਆ। ਇਸ ਰਕਮ ਨੂੰ ਬਾਅਦ ਵਿਚ ਮਨੀ ਲਾਂਡਰਿੰਗ ਰਾਹੀਂ ਘੁਮਾਇਆ ਗਿਆ।

  • 16 ਮਈ, 2025: ਈ.ਡੀ. ਨੇ ਯੂਕੋ ਬੈਂਕ ਦੇ ਸਾਬਕਾ ਸੀ.ਐੱਮ.ਡੀ. ਗੋਇਲ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।
  • ਇਸ ਤੋਂ ਬਾਅਦ ਗੋਇਲ ਦੇ ਪਰਿਵਾਰ ਅਤੇ ਸਹਿਯੋਗੀਆਂ ਨਾਲ ਜੁੜੀਆਂ 106 ਕਰੋੜ ਰੁਪਏ ਤੋਂ ਜਿਆਦਾ ਦੀਆਂ ਜਾਇਦਾਦਾਂ ਅਟੈਚ ਕੀਤੀਆਂ।
  • ਹੁਣ ਤੱਕ ਜਾਇਦਾਦਾਂ ਵੇਚ ਕੇ ਸਿਰਫ 434 ਕਰੋੜ ਰੁਪਏ ਵਸੂਲੇ ਗਏ ਹਨ।
  • ਸੰਜੇ ਸੁਰੇਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਦਸੰਬਰ, 2024 ’ਚ ਗ੍ਰਿਫ਼ਤਾਰ ਕੀਤਾ ਗਿਆ।
     

author

Inder Prajapati

Content Editor

Related News