ਦੇਸ਼ ਦੀਆਂ 62 ਫੀਸਦੀ ਔਰਤਾਂ ਮਾਹਵਾਰੀ ਦੌਰਾਨ ਕਰਦੀਆਂ ਹਨ ਕੱਪੜੇ ਦੀ ਵਰਤੋਂ
Thursday, Jan 25, 2018 - 04:10 AM (IST)

ਨਵੀਂ ਦਿੱਲੀ — ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਨਤੀਜੇ ਦੱਸਦੇ ਹਨ ਕਿ ਦੇਸ਼ ਭਰ ਵਿਚ 15 ਤੋਂ 24 ਸਾਲ ਦੇ ਵਿਚਾਲੇ ਦੀਆਂ 62 ਫੀਸਦੀ ਔਰਤਾਂ ਹਾਲੇ ਵੀ ਮਾਹਵਾਰੀ ਦੌਰਾਨ ਕੱਪੜੇ ਦੀ ਵਰਤੋਂ ਕਰਦੀਆਂ ਹਨ। ਇਸ ਰਿਪੋਰਟ ਮੁਤਾਬਕ ਜਿਸਦਾ ਸੰਬੰਧ 2015-16 ਨਾਲ ਹੈ, ਵਿਚ ਕਿਹਾ ਗਿਆ ਹੈ ਕਿ ਬਿਹਾਰ ਦੀਆਂ 82 ਫੀਸਦੀ ਲੜਕੀਆਂ ਹੁਣ ਵੀ ਮਾਹਵਾਰੀ ਦੌਰਾਨ ਸੁਰੱਖਿਆ ਲਈ ਕੱਪੜੇ ਦੇ ਟੁਕੜੇ ਦੀ ਵਰਤੋਂ ਕਰਦੀਆਂ ਹਨ, ਜਦੋਂ ਕਿ ਛੱਤੀਸਗੜ੍ਹ ਅਤੇ ਯੂ. ਪੀ. ਵਿਚ ਪੀਰੀਅਡਸ ਦੌਰਾਨ ਕੱਪੜੇ ਦੀ ਵਰਤੋਂ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ 81 ਫੀਸਦੀ ਹੈ। ਇਸ ਸਰਵੇਖਣ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਦੇਸ਼ ਭਰ ਵਿਚ ਕਿੰਨੇ ਫੀਸਦੀ ਔਰਤਾਂ ਮਾਹਵਾਰੀ ਦੌਰਾਨ ਸਹੀ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ, ਜਿਸ ਵਿਚ ਸਥਾਨਕ ਤੌਰ 'ਤੇ ਤਿਆਰ ਕੀਤਾ ਗਿਆ ਜਾਂ ਫਿਰ ਸੈਨੇਟਰੀ ਨੈਪਕਿਨ ਜਾਂ ਟੈਂਪੂਨ ਸ਼ਾਮਲ ਹਨ। ਨਾਲ ਹੀ ਇਸ ਸਰਵੇਖਣ ਵਿਚ ਇਹ ਵੀ ਪਤਾ ਲੱਗਾ ਕਿ ਦੇਸ਼ ਦੀਆਂ 16 ਫੀਸਦੀ ਲੜਕੀਆਂ ਸਥਾਨਕ ਰੂਪ ਨਾਲ ਤਿਆਰ ਕੀਤੇ ਗਏ ਪੈਡਸ ਦੀ ਵਰਤੋਂ ਕਰਦੀਆਂ ਹਨ।
ਮਾਹਵਾਰੀ ਦੇ ਸਮੇਂ ਔਰਤਾਂ ਵਲੋਂ ਹਾਈਜੀਨਿਕ ਤਰੀਕਿਆਂ ਦੀ ਵਰਤੋਂ ਕਰਨ ਦੀ ਲਿਸਟ ਵਿਚ ਮਿਜ਼ੋਰਮ 93 ਫੀਸਦੀ ਨਾਲ ਪਹਿਲੇ ਨੰਬਰ 'ਤੇ ਹੈ ਜਦੋਂ ਕਿ ਤਾਮਿਲਨਾਡੂ 91 ਫੀਸਦੀ, ਗੋਈ 89 ਫੀਸਦੀ ਅਤੇ ਸਿੱਕਮ 85 ਫੀਸਦੀ 'ਤੇ ਹੈ। ਮਹਾਰਾਸ਼ਟਰ ਵਿਚ 50 ਫੀਸਦੀ, ਕਰਨਾਟਕ ਵਿਚ 56 ਫੀਸਦੀ ਅਤੇ ਆਂਧਰਾ ਪ੍ਰਦੇਸ਼ ਵਿਚ 43 ਫੀਸਦੀ ਔਰਤਾਂ ਹੁਣ ਵੀ ਪੀਰੀਅਡਸ ਦੌਰਾਨ ਕੱਪੜੇ ਦੀ ਵਰਤੋਂ ਕਰਦੀਆਂ ਹਨ।