ਲਓ ਜੀ..! 6 ਸਾਲਾਂ ਦੀ ਮਿਹਨਤ ਤੇ ਅੰਨ੍ਹਾ ਪੈਸਾ, ਟ੍ਰਾਇਲ ਦੌਰਾਨ ਹੀ ਢਹਿ-ਢੇਰੀ ਹੋ ਗਿਆ 13 ਕਰੋੜੀ ਰੋਪਵੇਅ
Tuesday, Dec 30, 2025 - 04:39 PM (IST)
ਨੈਸ਼ਨਲ ਡੈਸਕ : ਬਿਹਾਰ ਦੇ ਰੋਹਤਾਸ ਜ਼ਿਲ੍ਹੇ 'ਚ ਕੈਮੂਰ ਪਹਾੜੀ 'ਤੇ ਸਥਿਤ ਇਤਿਹਾਸਿਕ ਰੋਹਤਾਸਗੜ੍ਹ ਕਿਲ੍ਹੇ ਤੱਕ ਜਾਣ ਲਈ ਕਰੋੜਾਂ ਦੀ ਲਾਗਤ ਨਾਲ 6 ਸਾਲਾਂ 'ਚ ਬਣਿਆ ਰੋਪਵੇਅ ਟ੍ਰਾਇਲ ਦੌਰਾਨ ਹੀ ਢਹਿ-ਢੇਰੀ ਹੋ ਗਿਆ। ਇਹ ਹਾਦਸਾ ਰੋਹਤਾਸ ਦੇ ਅਕਬਰਪੁਰ ਇਲਾਕੇ 'ਚ ਵਾਪਰਿਆ। ਇਸ ਮੌਕੇ ਟੀਮ ਵੱਲੋਂ ਪੁਲ ਦਾ ਨਿਰੀਖਣ ਕੀਤਾ ਜਾ ਰਿਹਾ ਸੀ। ਟ੍ਰਾਇਲ ਦੌਰਾਨ ਰੋਪਵੇਅ ਦੇ ਕਈ ਪਿੱਲਰ ਉਖੜ ਗਏ ਅਤੇ ਯਾਤਰੀਆਂ ਨੂੰ ਬਿਠਾਉਣ ਵਾਲਾ ਕੈਬਿਨ ਡੋਲਾ ਟੁੱਟ ਕੇ ਹੇਠਾਂ ਡਿੱਗ ਗਿਆ ਅਤੇ ਦੇਖਦੇ ਹੀ ਦੇਖਦੇ ਰੋਪਵੇਅ ਦਾ ਪੂਰਾ ਢਾਂਚਾ ਹੇਠਾਂ ਜ਼ਮੀਨ 'ਤੇ ਆ ਡਿੱਗਿਆ। ਗਨੀਮਤ ਇਹ ਰਹੀ ਹੈ ਕਿ ਟ੍ਰਾਇਲ ਦੇ ਸਮੇਂ ਕੈਬਿਨ 'ਚ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਨਵੇਂ ਸਾਲ 'ਤੇ ਹੋਣਾ ਸੀ ਉਦਘਾਟਨ
ਕਰੋੜਾਂ ਦੀ ਲਾਗਤ ਨਾਲ ਬਣੇ ਰੋਪਵੇਅ ਦਾ ਨਵੇਂ ਸਾਲ 'ਤੇ ਉਦਘਾਟਨ ਕੀਤਾ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ 13 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਰੋਪਵੇਅ ਦਾ ਨਿਰਮਾਣ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਸੀ ਜਿਸਦਾ ਨੀਂਹ ਪੱਥਰ 2019 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ ।
ਇਥੋਂ ਦੇ ਲੋਕਾਂ ਨੂੰ ਉਮੀਦ ਸੀ ਕਿ ਇਸ ਰੋਪਵੇਅ ਦੇ ਬਣਨ ਨਾਲ 70 ਕਿਲੋਮੀਟਰ ਦੂਰ ਰੋਹਤਾਸਗੜ੍ਹ ਕਿਲੇ ਤੱਕ ਦਾ ਸਫਰ ਕੁਝ ਹੀ ਮਿੰਟਾਂ 'ਚ ਤੈਅ ਹੋ ਸਕੇਗਾ। ਪਰ 6 ਸਾਲਾਂ 'ਚ ਬਣੇ ਰੋਪਵੇਅ ਨੇ ਚੰਦ ਕੁ ਮਿੰਟਾਂ 'ਚ ਹੀ ਦਮ ਤੋੜ ਦਿੱਤਾ।
ਇੰਜੀਨੀਅਰਾਂ ਦੀ ਮੌਜੂਦਗੀ 'ਚ ਚੱਲ ਰਿਹਾ ਸੀ ਟ੍ਰਾਇਲ
ਜਾਣਕਾਰੀ ਮੁਤਾਬਕ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਦੀ ਮੌਜੂਦਗੀ 'ਚ ਰੋਪਵੇਅ ਦਾ ਟ੍ਰਾਇਲ ਚੱਲ ਰਿਹਾ ਸੀ। ਇਸ ਮੌਕੇ ਜਿਵੇਂ ਹੀ ਕੈਬਿਨ ਡੋਲੇ ਨੂੰ ਅਕਬਰਪੁਰ ਤੋਂ ਰੋਹਤਾਸਗੜ੍ਹ ਕਿਲ੍ਹੇ ਵੱਲ ਭੇਜਿਆ ਗਿਆ ਤਾਂ ਥੋੜ੍ਹੀ ਦੂਰ ਤੱਕ ਹੀ ਰੋਪਵੇਅ ਦਾ ਇਕ ਪਿੱਲਰ ਡਿੱਗ ਗਿਆ ਅਤੇ ਇਸ ਤੋਂ ਬਾਅਦ ਰੋਪਵੇਅ ਦੇ ਕਈ ਪਿੱਲਰ ਇਕ-ਇਕ ਕਰਕੇ ਡਿੱਗਦੇ ਚਲੇ ਗਏ। ਕੁਝ ਹੀ ਪਲਾਂ 'ਚ ਰੋਪਵੇਅ ਪੁਲ, ਮਸ਼ੀਨਾਂ ਅਤੇ ਕੈਬਿਨ ਢਹਿ-ਢੇਰੀ ਹੋ ਗਏ ਅਤੇ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
