ਦੇਸ਼ ਨੂੰ ਮਿਲ ਸਕਦੈ ਨਵੇਂ ਸਾਲ ਦਾ ਤੋਹਫਾ, 6 ਨਵੇਂ ਏਮਜ਼ ਜਲਦ ਹੋਣਗੇ ਸ਼ੁਰੂ

01/03/2020 11:21:50 AM

ਨਵੀਂ ਦਿੱਲੀ (ਏਜੰਸੀਆਂ) : ਇਸ ਸਾਲ ਦੇਸ਼ ਨੂੰ 6 ਨਵੇਂ ਏਮਜ਼ ਦਾ ਤੋਹਫਾ ਮਿਲ ਸਕਦਾ ਹੈ। ਪੰਜਾਬ ਵਿਚ ਬਠਿੰਡਾ, ਉੱਤਰ ਪ੍ਰਦੇਸ਼ ਵਿਚ ਰਾਏਬਰੇਲੀ ਤੇ ਗੋਰਖਪੁਰ, ਆਂਧਰਾ ਪ੍ਰਦੇਸ਼ ਵਿਚ ਮੰਗਲਗਿਰੀ, ਮਹਾਰਾਸ਼ਟਰ ਵਿਚ ਨਾਗਪੁਰ ਅਤੇ ਪੱਛਮੀ ਬੰਗਾਲ ਵਿਚ ਕਲਿਆਣੀ ਵਿਖੇ ਏਮਜ਼ ਇਸ ਸਾਲ ਤਿਆਰ ਹੋ ਜਾਣਗੇ।

ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਸਾਲ 2020 ਵਿਚ ਸਭ ਤੋਂ ਪਹਿਲਾਂ ਏਮਜ਼ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਸ਼ੁਰੂ ਕੀਤਾ ਜਾਏਗਾ। ਇਹ ਏਮਜ਼ 1011 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਹੈ। ਅਪ੍ਰੈਲ ਤੱਕ ਇਹ ਬਿਲਕੁਲ ਤਿਆਰ ਹੋ ਜਾਏਗਾ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਗ੍ਰਹਿ ਜ਼ਿਲਾ ਹੈ। ਮੰਤਰਾਲਾ ਮੁਤਾਬਕ ਬਠਿੰਡਾ ਅਤੇ ਰਾਏਬਰੇਲੀ ਦੇ ਏਮਜ਼ ਨੂੰ ਇਸ ਸਾਲ ਜੂਨ ਵਿਚ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਪਿਛਲੇ ਹਫਤੇ ਬਠਿੰਡਾ ਦੇ ਏਮਜ਼ ਵਿਖੇ 11 ਤਰ੍ਹਾਂ ਦੀਆਂ ਓ. ਪੀ. ਡੀ. ਸਹੂਲਤਾਂ ਅਤੇ ਜਨਰਲ ਸਰਜਰੀ ਦੀ ਸਹੂਲਤ ਸ਼ੁਰੂ ਹੋ ਗਈ ਸੀ।

ਸਿਹਤ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਏਮਜ਼ ਰਾਏਬਰੇਲੀ ਦੀ ਓ.ਪੀ.ਡੀ. ਅਤੇ ਰਿਹਾਇਸ਼ੀ ਬਲਾਕ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਮਹਿੰਗਾ ਏਮਜ਼ ਪੱਛਮੀ ਬੰਗਾਲ ਦੇ ਕਲਿਆਣੀ ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਲਾਗਤ 1754 ਕਰੋੜ ਰੁਪਏ ਹੈ। ਇਹ ਏਮਜ਼ ਇਸ ਸਾਲ ਅਕਤੂਬਰ ਤੱਕ ਸ਼ੁਰੂ ਕਰ ਦਿੱਤਾ ਜਾਏਗਾ। ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਮੁਤਾਬਕ 1618 ਕਰੋੜ ਰੁਪਏ ਦੀ ਲਾਗਤ ਨਾਲ ਮੰਗਲਗਿਰੀ ਏਮਜ਼ ਅਤੇ 1577 ਕਰੋੜ ਦੀ ਲਾਗਤ ਨਾਲ ਨਾਗਪੁਰ ਏਮਜ਼ ਵੀ ਇਸ ਸਾਲ ਅਕਤੂਬਰ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ।

ਫਿਲਹਾਲ ਦੇਸ਼ ਵਿਚ ਦਿੱਲੀ ਤੋਂ ਇਲਾਵਾ 6 ਹੋਰ ਸਥਾਂਨਾਂ ਰਾਏਪੁਰ, ਪਟਨਾ, ਜੋਧਪੁਰ, ਭੋਪਾਲ, ਰਿਸ਼ੀਕੇਸ਼ ਅਤੇ ਭੁਵਨੇਸ਼ਵਰ ਵਿਚ ਏਮਜ਼ ਹਸਪਤਾਲ ਕੰਮ ਕਰ ਰਹੇ ਹਨ। ਇਸ ਸਾਲ 6 ਨਵੇਂ ਰੀਜ਼ਨਲ ਏਮਜ਼ ਹੋਂਦ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਇਨ੍ਹਾਂ ਦੀ ਗਿਣਤੀ ਵੱਧ ਕੇ 12 ਹੋ ਜਾਏਗੀ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਅਧੀਨ ਕੇਂਦਰ ਸਰਕਾਰ ਨੇ ਕੁੱਲ 22 ਏਮਜ਼ ਦੀ ਸਥਾਪਨਾ ਦੀ ਮਨਜੂਰੀ ਦਿੱਤੀ ਹੈ।


cherry

Content Editor

Related News