ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਵੇਂ ਰਿਹਾਇਸ਼ੀ ਕੰਪਲੈਕਸਾਂ ’ਚ ਹੋਣਗੇ ਸ਼ਿਫਟ
Sunday, Mar 31, 2024 - 12:43 PM (IST)
ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਵੇਂ ਰਿਹਾਇਸ਼ੀ ਕੰਪਲੈਕਸਾਂ ’ਚ ਜਲਦੀ ਹੀ ਸ਼ਿਫਟ ਹੋਣਗੇ। ਧਨਖੜ ਦੇ ਅਪ੍ਰੈਲ ਦੇ ਪਹਿਲੇ ਹਫਤੇ ਨਵੇਂ ਘਰ ’ਚ ਸ਼ਿਫਟ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ 4 ਜੂਨ ਨੂੰ ਚੋਣ ਨਤੀਜਿਆਂ ਤੋਂ ਬਾਅਦ ਅਜਿਹਾ ਕਰ ਸਕਦੇ ਹਨ।
ਨਵਾਂ ਵਾਈਸ ਪ੍ਰੈਜ਼ੀਡੈਂਟਸ ਐਨਕਲੇਵ 15 ਏਕੜ ਜ਼ਮੀਨ ’ਚ ਫੈਲਿਆ ਹੋਇਆ ਹੈ। ਇਸ ’ਚ 20,000 ਵਰਗ ਮੀਟਰ ਦਾ ਬਿਲਟ-ਅੱਪ ਖੇਤਰ ਹੈ। ਇਸ ’ਚ ਇੱਕ ਮੰਜ਼ਿਲਾ (ਬੇਸਮੈਂਟ ਨਾਲ) ਰਿਹਾਇਸ਼, ਇੱਕ ਸਕੱਤਰੇਤ ਦੀ ਇਮਾਰਤ, ਗੈਸਟ ਹਾਊਸ, ਖੇਡਾਂ ਦੀ ਸਹੂਲਤ, ਸਟਾਫ਼ ਕੁਆਰਟਰ ਤੇ ਸਹਾਇਕ ਇਮਾਰਤਾਂ ਹੋਣਗੀਆਂ। ਵਾਈਸ ਪ੍ਰੈਜ਼ੀਡੈਂਟ ਹਾਊਸ ਨਰਿੰਦਰ ਮੋਦੀ ਸਰਕਾਰ ਦੇ ਅਭਿਲਾਸ਼ੀ ਸੈਂਟਰਲ ਵਿਸਟਾ ਮੁੜ ਵਿਕਾਸ ਪ੍ਰਾਜੈਕਟ ਦਾ ਹਿੱਸਾ ਹੈ । ਇਸ ਦੇ ਨੇੜੇ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਨਿਵਾਸ ਹੋਵੇਗਾ। ਨਵੇਂ ਰਿਹਾਇਸ਼ੀ ਕੰਪਲੈਕਸ ਅਤਿ-ਆਧੁਨਿਕ ਤਕਨਾਲੋਜੀ ਅਤੇ ਸਾਰੀਆਂ ਸੁਰੱਖਿਆ ਖੂਬੀਆਂ ਨਾਲ ਲੈਸ ਹਨ।
ਉਸਾਰੀ ਦਾ ਕੰਮ ਜੋ ਜਨਵਰੀ 2022 ’ਚ ਸ਼ੁਰੂ ਹੋਇਈ ਸੀ, ਝਾਰਖੰਡ ਸਥਿਤ ਕਮਲਾਦਿਤਿਆ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ (ਕੇ. ਸੀ. ਪੀ. ਐੱਲ.) ਨੂੰ ਸੌਂਪੇ ਜਾਣ ਤੋਂ ਬਾਅਦ ਇੱਕ ਸਾਲ ਤੋਂ ਵੱਧ ਪੱਛੜ ਗਿਆ। ਕੇ. ਸੀ. ਪੀ. ਐੱਲ. ਨੂੰ ਨਵੰਬਰ 2021 ’ਚ ਪ੍ਰਾਜੈਕਟ ਦਿੱਤਾ ਗਿਆ ਸੀ। ਲਗਭਗ 13,500 ਕਰੋੜ ਰੁਪਏ ਦੀ ਸੈਂਟਰਲ ਵਿਸਟਾ ਯੋਜਨਾ ਦੇ ਹਿੱਸੇ ਵਜੋਂ 214 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਣ ਵਾਲਾ ਇਹ ਤੀਜਾ ਪ੍ਰਾਜੈਕਟ ਹੈ।
ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਅਧੀਨ ਮੋਦੀ ਦੇ ਤੀਜੇ ਕਾਰਜਕਾਲ ਦੌਰਾਨ ‘ਕਰਤਵਯ ਪੱਥ ’ ਦੇ ਦੋਵੇਂ ਪਾਸੇ 10 ਜਨਰਲ ਕੇਂਦਰੀ ਸਕੱਤਰੇਤ (ਸੀ. ਸੀ. ਐੱਸ.) ਇਮਾਰਤਾਂ ਦਾ ਨਿਰਮਾਣ ਵੀ ਕੀਤਾ ਜਾਣਾ ਹੈ।