ਉੱਤਰ ਪ੍ਰਦੇਸ਼ ''ਚ ਮੀਂਹ ਦਾ ਕਹਿਰ, ਕੰਧ ਅਤੇ ਘਰ ਢਹਿਣ ਨਾਲ 4 ਮਾਸੂਮ ਬੱਚਿਆਂ ਸਮੇਤ 6 ਦੀ ਮੌਤ

Thursday, Sep 22, 2022 - 10:08 AM (IST)

ਉੱਤਰ ਪ੍ਰਦੇਸ਼ ''ਚ ਮੀਂਹ ਦਾ ਕਹਿਰ, ਕੰਧ ਅਤੇ ਘਰ ਢਹਿਣ ਨਾਲ 4 ਮਾਸੂਮ ਬੱਚਿਆਂ ਸਮੇਤ 6 ਦੀ ਮੌਤ

ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਪਏ ਮੋਹਲੇਧਾਰ ਮੀਂਹ ਕਾਰਨ ਬੀਤੀ ਦੇਰ ਰਾਤ ਘਰ ਅਤੇ ਕੰਧ ਡਿੱਗਣ ਦੀਆਂ 2 ਘਟਨਾਵਾਂ 'ਚ 4 ਭੈਣ-ਭਰਾਵਾਂ ਅਤੇ ਇਕ ਜੋੜੇ ਦੀ ਦਰਦਨਾਕ ਮੌਤ ਹੋ ਗਈ। ਇਟਾਵਾ ਦੇ ਜ਼ਿਲ੍ਹਾ ਅਧਿਕਾਰੀ ਅਵਨੀਸ਼ ਰਾਏ ਨੇ ਵੀਰਵਾਰ ਸਵੇਰੇ ਇਨ੍ਹਾਂ 2 ਘਟਨਾਵਾਂ 'ਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਟਾਵਾ ਦੇ ਸਿਵਲ ਲਾਈਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚੰਦਰਪੁਰਾ 'ਚ ਬੀਤੀ ਰਾਤ ਕਰੀਬ 1 ਵਜੇ ਕੱਚੇ ਮਕਾਨ ਦੀ ਕੰਧ ਡਿੱਗਣ ਕਾਰਨ ਮਕਾਨ ਦਾ ਇਕ ਹਿੱਸਾ ਢਹਿ ਗਿਆ। ਇਸ 'ਚ ਇਕੋ ਪਰਿਵਾਰ ਦੇ 6 ਲੋਕ ਮਲਬੇ ਹੇਠ ਦੱਬ ਗਏ। ਜਦੋਂ ਤੱਕ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ 4 ਮਾਸੂਮ ਸਕੇ ਭੈਣ-ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਬੱਚਿਆਂ ਦੀ ਦਾਦੀ ਅਤੇ ਇਕ ਹੋਰ ਮਾਸੂਮ ਗੰਭੀਰ ਜ਼ਖ਼ਮੀ ਹੋ ਗਏ। ਦੋਹਾਂ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਦੇ ਡਾਕਟਰ ਭੀਮ ਰਾਓ ਅੰਬੇਡਕਰ ਸਰਕਾਰੀ ਸੰਯੁਕਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਦੋਹਾਂ ਜ਼ਖ਼ਮੀਆਂ ਦੇ ਇਲਾਜ 'ਚ ਲੱਗੀ ਹੋਈ ਹੈ। ਮ੍ਰਿਤਕਾਂ 'ਚ ਸ਼ਿੰਕੂ (10), ਅਭੀ (8), ਸੋਨੂੰ (7) ਅਤੇ ਆਰਤੀ (5) ਸ਼ਾਮਲ ਹਨ। ਇਸ ਹਾਦਸੇ ਵਿਚ ਮ੍ਰਿਤਕ ਬੱਚਿਆਂ ਦੀ ਦਾਦੀ 75 ਸਾਲਾ ਸ਼੍ਰੀਮਤੀ ਸ਼ਾਰਦਾ ਦੇਵੀ ਅਤੇ 4 ਸਾਲਾ ਰਿਸ਼ਭ ਗੰਭੀਰ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਚਾਰ ਭੈਣ-ਭਰਾਵਾਂ ਦੇ ਮਾਤਾ-ਪਿਤਾ ਦੀ 2-3 ਸਾਲ ਪਹਿਲਾਂ ਕਿਸੇ ਰੋਗ ਨਾਲ ਮੌਤ ਹੋ ਚੁੱਕੀ ਹੈ। ਬੱਚਿਆਂ ਦੇ ਪਿਤਾ ਅਵਨੀਸ਼ ਅਤੇ ਮਾਂ ਪੂਜਾ ਦੀ ਮੌਤ ਤੋਂ ਬਾਅਦ ਪੂਰਾ ਘਰ ਬੇਸਹਾਰਾ ਹੋ ਗਿਆ ਸੀ। ਦੂਜੀ ਘਟਨਾ ਇਟਾਵਾ ਦੇ ਇਕਦਿਲ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕ੍ਰਿਪਾਲਪੁਰਾ ਨੇੜੇ ਵਾਪਰੀ, ਜਿੱਥੇ ਭਾਟੀਆ ਪੈਟਰੋਲ ਪੰਪ ਦੀ ਕੰਧ ਡਿੱਗਣ ਨਾਲ ਇਕ ਜੋੜੇ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਸਨੇਹੀ (65) ਅਤੇ ਉਸ ਦੀ ਪਤਨੀ ਰੇਸ਼ਮਾ (63) ਭਾਟੀਆ ਪੈਟਰੋਲ ਪੰਪ ਦੀ ਕੰਧ ਦੇ ਕੋਲ ਸੌਂ ਰਹੇ ਸਨ। ਉਦੋਂ ਦੇਰ ਰਾਤ ਕੰਧ ਡਿੱਗਣ ਨਾਲ ਦੋਵੇਂ ਮਲਬੇ ਹੇਠਾਂ ਦੱਬ ਗਏ। ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ। ਦੋਹਾਂ ਨੂੰ ਸਥਾਨਕ ਥਾਣਾ ਸਦਰ ਦੇ ਡਾਕਟਰ ਭੀਮ ਰਾਓ ਅੰਬੇਡਕਰ ਸਰਕਾਰੀ ਜੁਆਇੰਟ ਹਸਪਤਾਲ ਲਿਜਾਇਆ ਗਿਆ। ਜਿੱਥੇ ਤਾਇਨਾਤ ਡਾਕਟਰ ਸੌਰਭ ਗੁਪਤਾ ਨੇ ਜੋੜੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ।


author

DIsha

Content Editor

Related News