ਭੋਪਾਲ ’ਚ 6 ਬੰਗਲਾਦੇਸ਼ੀ ਅੱਤਵਾਦੀ ਗ੍ਰਿਫ਼ਤਾਰ

Monday, Mar 14, 2022 - 10:07 AM (IST)

ਭੋਪਾਲ ’ਚ 6 ਬੰਗਲਾਦੇਸ਼ੀ ਅੱਤਵਾਦੀ ਗ੍ਰਿਫ਼ਤਾਰ

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਏ. ਟੀ. ਐੱਸ. ਨੇ 6 ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ ਜੋ ਬੰਗਲਾਦੇਸ਼ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਹ ਇਥੇ ਅੱਤਵਾਦੀ ਸਰਗਰਮੀਆਂ ਲਈ ਸਲੀਪਰ ਸੈੱਲ ਤਿਆਰ ਕਰ ਰਹੇ ਸਨ। ਇਨ੍ਹਾਂ ’ਚੋਂ 2 ਅੱਤਵਾਦੀ ਐਸ਼ਬਾਗ ਇਲਾਕੇ ਫਾਤਿਮਾ ਮਸਜਿਦ ਕੋਲ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੇ ਸਨ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕ੍ਰੋਦ ਇਲਾਕੇ ਦੀ ਇਕ ਮਸਜਿਦ ਕੋਲ ਇਕ ਮਕਾਨ ’ਚ ਰਹਿ ਰਹੇ 4 ਹੋਰ ਵਿਅਕਤੀਆਂ ਨੂੰ ਫੜਿਆ ਗਿਆ। ਫੜੇ ਗਏ ਸਾਰੇ ਅੱਤਵਾਦੀਆਂ ਕੋਲੋ ਵਾਦ-ਵਿਵਾਦ ਵਾਲੀਆਂ ਕਿਤਾਬਾਂ ਅਤੇ ਲੈਪਟਾਪ ਮਿਲੇ ਹਨ। ਖੁਫ਼ੀਆ ਏਜੰਸੀਆਂ ਉਨ੍ਹਾਂ ਕੋਲੋ ਪੁੱਛ-ਗਿਛ ਕਰ ਰਹੀਆਂ ਹਨ। ਮੱਧ ਪ੍ਰਦੇਸ਼ ਏ. ਟੀ. ਐੱਸ. ਨੂੰ ਸੂਚਨਾ ਮਿਲੀ ਸੀ ਕਿ ਭੋਪਾਲ ’ਚ ਕੁਝ ਅੱਤਵਾਦੀ ਲੁਕੇ ਹੋਏ ਹਨ। ਪੜਤਾਲ ਪਿਛੋਂ ਐਤਵਾਰ ਤੜਕੇ 3.30 ਵਜੇ ਪੁਲਸ ਨੇ ਐਸ਼ਬਾਗ ਇਲਾਕੇ ’ਚ ਛਾਪਾ ਮਾਰ ਕੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਜਿਸ ਮਕਾਨ ’ਚੋਂ ਉਕਤ ਅੱਤਵਾਦੀ ਫੜੇ ਗਏ, ਦੀ ਮਾਲਕਨ ਨਾਯਾਬ ਜਹਾਂ ਨੇ ਦੱਸਿਆ ਕਿ ਅਸੀਂ ਸੁੱਤੇ ਹੋਏ ਸੀ। ਅਚਾਨਕ ਹੀ ‘ਚਲੋ-ਚਲੋ’ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕਿਰਾਏਦਾਰਾਂ ਦੇ ਕਮਰਿਆਂ ’ਚ ਰੌਲਾ ਸੁਣ ਕੇ ਅਸੀਂ ਬਾਹਰ ਆਏ। ਘਰ ਦੇ ਸਾਹਮਣੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੈਂ ਪੁਲਸ ਕੋਲੋਂ ਪੁਛਿਆ ਕਿ ਕੀ ਗੱਲ ਹੈ ਤਾਂ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਅੰਦਰ ਜਾਓ, ਕੁਝ ਨਹੀਂ ਹੋਇਆ।

ਕੰਪਿਊਟਰ ਦੇ ਮਕੈਨਿਕ ਨੇ ਦੁਆਇਆ ਸੀ ਮਕਾਨ
ਮਕਾਨ ਮਾਲਕਨ ਨੇ ਦੱਸਿਆ ਕਿ ਇਲਾਕੇ ਦਾ ਰਹਿਣ ਵਾਲਾ ਸਲਮਾਨ ਨਾਮੀਂ ਇਕ ਵਿਅਕਤੀ ਕੰਪਿਊਟਰ ਦਾ ਮਕੈਨਿਕ ਹੈ। 3 ਮਹੀਨੇ ਪਹਿਲਾਂ ਉਸ ਨੇ ਆਪਣੇ ਜਾਣ-ਪਛਾਣ ਵਾਲੇ ਇਕ ਵਿਅਕਤੀ ਅਹਿਮਦ ਲਈ ਕਿਰਾਏ ’ਤੇ ਮਕਾਨ ਮੰਗਿਆ ਸੀ। ਸਲਮਾਨ ਨੇ ਕਿਹਾ ਸੀ ਕਿ ਅਹਿਮਦ ਧਾਰਮਿਕ ਸਿੱਖਿਆ ਦੀ ਪੜ੍ਹਾਈ ਕਰ ਰਿਹਾ ਹੈ। ਮਕਾਨ ਖਾਲੀ ਸੀ, ਇਸ ਲਈ ਉਸ ਦੇ ਕਹਿਣ ’ਤੇ 3500 ਰੁਪਏ ਮਹੀਨਾ ਕਿਰਾਏ ’ਤੇ ਅਸੀਂ ਉਸ ਨੂੰ ਮਕਾਨ ਦੇ ਦਿੱਤਾ। ਅਹਿਮਦ ਨੇ ਹਮੇਸ਼ਾ ਕਿਰਾਇਆ ਨਕਦ ਹੀ ਦਿੱਤਾ।


author

DIsha

Content Editor

Related News