49 ਫੀਸਦੀ ਔਰਤਾਂ ਘਰੇਲੂ ਹਿੰਸਾ ਨੂੰ ਨਹੀਂ ਮੰਨਦੀਆਂ ਗਲਤ
Saturday, Jan 27, 2018 - 02:47 PM (IST)
ਠਾਣੇ : ਨੈਸ਼ਨਲ ਫੈਮਿਲੀ ਹੈਲਥ ਸਰਵੇ 2015-16 ਵਿਚ ਘਰੇਲੂ ਹਿੰਸਾ ਨੂੰ ਲੈ ਕੇ ਹੈਰਾਨੀਜਨਕ ਅੰਕੜਾ ਸਾਹਮਣੇ ਆਇਆ ਹੈ। ਇਹ ਅੰਕੜਾ ਹੈ ਉਨ੍ਹਾਂ ਔਰਤਾਂ ਦਾ ਜੋ ਆਦਮੀ ਹੱਥੋਂ ਉਸ ਦੀ ਪਤਨੀ ਨੂੰ ਮਾਰੇ-ਕੁੱਟੇ ਜਾਣ ਨੂੰ ਗਲਤ ਨਹੀਂ ਮੰਨਦੀਆ। ਸਰਵੇ ਵਿਚ ਸ਼ਾਮਲ 49 ਫੀਸਦੀ ਲੋਕਾਂ ਨੇ ਘਰੇਲੂ ਹਿੰਸਾ ਨੂੰ ਸਹੀ ਮੰਨਿਆ ਹੈ।
ਸਰਵੇ ਦੌਰਾਨ ਕਈ ਔਰਤਾਂ ਨੇ ਮੰਨਿਆ ਕਿ ਜੇ ਉਹ ਆਪਣੇ ਪਤੀ ਦੀ ਗੱਲ ਨਹੀਂ ਮੰਨਣਗੀਆਂ ਤਾਂ ਉਹ ਉਨ੍ਹਾਂ ਨੂੰ ਕੁੱਟੇਗਾ ਹੀ। ਔਰਤਾਂ ਦਾ ਮੰਨਣਾ ਹੈ ਕਿ ਜੇ ਪਤੀ ਘਰ ਦੇ ਕੰਮ ਨਾ ਕਰਨ 'ਤੇ, ਬੱਚਿਆਂ ਦਾ ਧਿਆਨ ਨਾ ਰੱਖਣ 'ਤੇ ਜਾਂ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰਨ 'ਤੇ ਮਾਰਦਾ ਹੈ ਤਾਂ ਇਸ ਵਿਚ ਕੁਝ ਵੀ ਗਲਤ ਨਹੀਂ।
ਕੁਲ 3,672 ਔਰਤਾਂ ਵਿਚੋਂ ਲੱਗਭਗ 75 ਫੀਸਦੀ ਨੇ ਦੱਸਿਆ ਕਿ ਸ਼ਰਾਬ ਪੀਣ ਕਾਰਨ ਪਤੀ ਗੁੱਸੇ ਵਿਚ ਆ ਕੇ ਉਨ੍ਹਾਂ 'ਤੇ ਹੱਥ ਚੁੱਕਦੇ ਹਨ। ਸਿਰਫ 16 ਔਰਤਾਂ ਦੇ ਪਤੀ ਚਾਹ ਪੀਂਦੇ ਸਨ। ਹਾਲਾਂਕਿ ਉਹ ਫਿਰ ਵੀ ਆਪਣੀਆਂ ਪਤਨੀਆਂ 'ਤੇ ਹੱਥ ਚੁੱਕਦੇ ਹਨ। ਸਰਵੇ ਵਿਚ ਇਹ ਗੱਲ ਪਤਾ ਲੱਗੀ ਹੈ ਕਿ 20 ਫੀਸਦੀ ਔਰਤਾਂ ਨੂੰ ਉਨ੍ਹਾਂ ਦੇ ਪਤੀ ਥੱਪੜ ਮਾਰਦੇ ਹਨ। ਨਿਰਾਸ਼ਾ ਭਰੀ ਇਕ ਹੋਰ ਗੱਲ ਇਹ ਸਾਹਮਣੇ ਆਈ ਹੈ ਕਿ ਪਤੀ ਤੇ ਸਹੁਰੇ ਪਰਿਵਾਰ ਵਲੋਂ ਮਾਨਸਿਕ, ਭਾਵਨਾਤਮਕ, ਸਰੀਰਕ ਤੇ ਯੌਨ ਸ਼ੋਸ਼ਣ ਤੋਂ ਬਾਅਦ ਵੀ ਸਿਰਫ 9 ਫੀਸਦੀ ਔਰਤਾਂ ਦੂਜਿਆਂ ਦੀ ਮਦਦ ਲੈਂਦੀਆਂ ਹਨ।
