ਵਿਆਹ ਦੀ ਉਮਰ 21 ਕਰਨ ਤੋਂ ਬਾਅਦ ਮੇਵਾਤ ’ਚ ਇਕ ਹਫਤੇ ’ਚ 450 ਵਿਆਹ

Tuesday, Dec 21, 2021 - 01:09 PM (IST)

ਨਵੀਂ ਦਿੱਲੀ– ਦੇਸ਼ ’ਚ ਜਿਵੇਂ ਹੀ ਲੜਕੀਆਂ ਦੀ ਵਿਆਹ ਦੀ ਉਮਰ 21 ਸਾਲ ਤੈਅ ਕਰਨ ਦੀ ਸੂਚਨਾ ਫੈਲੀ ਤਾਂ ਹਰਿਆਣਾ ਦੇ ਮੇਵਾਤ ’ਚ ਇਕ ਹਫਤੇ ਦੇ ਅੰਦਰ 18 ਤੋਂ 21 ਸਾਲ ਦੀ ਉਮਰ ਦੀਆਂ 450 ਲੜਕੀਆਂ ਦੇ ਵਿਆਹ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਹਫਤੇ ’ਚ 180 ਦੇ ਕਰੀਬ ਵਿਆਹ ਤੈਅ ਹੋਏ ਸਨ। 2 ਸਥਾਨਕ ਵਕੀਲਾਂ ਨੇ ਖੁਲਾਸਾ ਕੀਤਾ ਕਿ ਵੀਰਵਾਰ ਨੂੰ ਸਰਕਾਰ ਦੇ ਐਲਾਨ ਤੋਂ ਬਾਅਦ ਕੋਰਟ ਮੈਰਿਜ ਨੇ ਵੀ ਤੇਜ਼ੀ ਫੜ ਲਈ ਹੈ। ਗੁਰੂਗ੍ਰਾਮ ਵਿੱਚ ਅੰਤਰਜਾਤੀ ਜੋੜਿਆਂ ਦੇ ਅਦਾਲਤੀ ਵਿਆਹ ਵੀਕੈਂਡ ਵਿੱਚ 4 ਗੁਣਾ ਵੱਧ ਗਏ ਹਨ। ਗੁਰੂਗ੍ਰਾਮ ਦੀ ਅਦਾਲਤ ਨੂੰ ਵਿਆਹਾਂ ਲਈ 20 ਅਰਜ਼ੀਆਂ ਪ੍ਰਾਪਤ ਹੋਈਆਂ, ਜਦੋਂ ਕਿ ਆਮ ਤੌਰ ’ਤੇ ਸਿਰਫ਼ 6 ਜਾਂ 7 ਅਰਜ਼ੀਆਂ ਹੀ ਵਿਆਹ ਲਈ ਆਉਂਦੀਆਂ ਹਨ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਮੰਦਰਾਂ ’ਚ 55 ਦੇ ਕਰੀਬ ਵਿਆਹ ਹੋਏ ਸਨ, ਜਿਨ੍ਹਾਂ ਦੀ ਗਿਣਤੀ ਸਿਰਫ਼ 5 ਜਾਂ 7 ਹੀ ਹੁੰਦੀ ਸੀ।

ਨੂੰਹ ’ਚ 18 ਤੋਂ 20 ਸਾਲ ਦੇ ਵਿਚਕਾਰ ਹੁੰਦੇ ਹਨ ਵਿਆਹ
ਇਹ ਕਹਾਣੀ ਸਿਰਫ਼ ਇਕ ਕੁੜੀ ਦੀ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਔਰਤਾਂ ਲਈ ਵਿਆਹ ਦੀ ਉਮਰ ਵਧਾਉਣ ਦੇ ਬਿੱਲ ਦੀ ਮਨਜ਼ੂਰੀ, ਮੁਸਲਿਮ ਬਹੁਗਿਣਤੀ ਵਾਲੇ ਮੇਵਾਤ ਖੇਤਰ ਵਿੱਚ, ਖਾਸ ਕਰਕੇ ਨੂੰਹ ਜ਼ਿਲੇ ਵਿੱਚ, ਜਿੱਥੇ ਕੁੜੀਆਂ ਦਾ ਵਿਆਹ ਆਮ ਤੌਰ ’ਤੇ 18 ਤੋਂ 20 ਸਾਲ ਦੀ ਉਮਰ ਵਿਚਾਲੇ ਕੀਤਾ ਜਾਂਦਾ ਹੈ, ਨੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਨੂੰਹ ਦੇਸ਼ ਦੇ ਸਭ ਤੋਂ ਪਛੜੇ ਜ਼ਿਲਿਆਂ ਵਿੱਚੋਂ ਇਕ ਹੈ।

2 ਦਿਨਾਂ ’ਚ ਵਿਆਹ ਕਰਨ ਲਈ ਤਿਆਰ ਹਨ ਲੜਕੇ
ਨੂੰਹ ਦੇ ਇਕ ਇਮਾਮ ਇਮਾਮ ਮੁਸ਼ਤਾਕ ਨੇ ਮੀਡੀਆ ਨੂੰ ਦੱਸਿਆ ਕਿ ਮੈਨੂੰ ਲਾੜਿਆਂ ਤੋਂ ਵੱਡੀ ਗਿਣਤੀ ਵਿਚ ਪ੍ਰਸਤਾਵ ਮਿਲ ਰਹੇ ਹਨ, ਜੋ 2 ਦਿਨਾਂ ਦੇ ਅੰਦਰ ਵਿਆਹ ਕਰਨ ਲਈ ਤਿਆਰ ਹਨ। ਤ੍ਰਾਸਦੀ ਇਹ ਹੈ ਕਿ ਨੂੰਹ ਦੀਆਂ ਕੁੜੀਆਂ ਨੇ ਵਿਆਹ ਦੀ ਉਮਰ ਵਧਾਉਣ ਦੀ ਮੰਗ ਕਰਨ ਵਾਲੀ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ। ਹਰਿਆਣਾ ’ਚ ਵਿਆਹ ਦੀ ਉਮਰ ਵਧਾਉਣ ਲਈ ਮੁਹਿੰਮ ਚਲਾ ਰਹੇ ਸੁਨੀਲ ਜਗਲਾਨ ਨੇ ਕਿਹਾ ਕਿ ਜਿਸ ਤਰ੍ਹਾਂ ਮਾਪੇ ਆਪਣੀਆਂ ਲੜਕੀਆਂ ਦੇ ਵਿਆਹ ਲਈ ਭੱਜੇ ਫਿਰਦੇ ਨਜ਼ਰ ਆ ਰਹੇ ਹਨ, ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਬਣਨ ਤੱਕ ਅਜਿਹੇ ਵਿਆਹਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇ।

ਯੂਨੀਵਰਸਿਟੀ ਵਿੱਚ ਪੜ੍ਹਦੀ ਕੁੜੀ ਦਾ ਦਰਦ
ਫਿਰੋਜ਼ਪੁਰ ਝਿਰਕਾ ਦੇ ਇਕ ਮੁਸਲਿਮ ਪਰਿਵਾਰ ਦੀ ਇਕ ਲੜਕੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਮੈਂ 5 ਸਾਲ ਦੀ ਸੀ ਤਾਂ ਮੈਨੂੰ ਪਤਾ ਸੀ ਕਿ ਮੇਰਾ ਪਤੀ ਕੌਣ ਹੋਵੇਗਾ। ਉਹ ਮੇਰੀ ਚਾਚੀ ਦਾ ਰਿਸ਼ਤੇਦਾਰ ਹੈ। ਮੈਂ ਮੁਕਾਬਲਤਨ ਵਧੇਰੇ ਨਰਮ ਅਤੇ ਪੜ੍ਹੇ-ਲਿਖੇ ਪਰਿਵਾਰ ਤੋਂ ਹਾਂ ਅਤੇ ਦਿੱਲੀ ਯੂਨੀਵਰਸਿਟੀ ਜਾਣ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਕੁੜੀ ਹਾਂ। ਮੈਨੂੰ ਹੋਸਟਲ ਵਿੱਚ ਰਹਿਣ ਦਿੱਤਾ ਗਿਆ ਅਤੇ ਵਿਆਹ ਦੀ ਗੱਲ ਨਹੀਂ ਕੀਤੀ ਗਈ। ਹਾਲਾਂਕਿ, ਹਾਲ ਹੀ ਵਿੱਚ ਜਦੋਂ ਮੈਂ ਆਪਣੀ ਮਾਂ ਨਾਲ ਖਰੀਦਦਾਰੀ ਕਰਨ ਗਈ ਸੀ, ਮੇਰੇ ਪਿਤਾ ਨੇ ਫੋਨ ਕੀਤਾ ਅਤੇ ਅਚਾਨਕ ਮੇਰੀ ਮਾਂ ਨੇ ਸਲਵਾਰ-ਕਮੀਜ਼ ਇੱਕ ਪਾਸੇ ਰੱਖ ਦਿੱਤਾ ਅਤੇ ਦੁਲਹਨ ਦੀ ਮਾਲਾ ਲੱਭਣ ਲੱਗੀ। ਜਦੋਂ ਅਸੀਂ ਘਰ ਪਹੁੰਚੇ ਤਾਂ ਮੈਨੂੰ ਦੱਸਿਆ ਗਿਆ ਕਿ ਔਰਤਾਂ ਦੇ ਵਿਆਹ ਦੀ ਉਮਰ 21 ਸਾਲ ਕਰਨ ਲਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਮੇਰਾ ਪਰਿਵਾਰ ਜਲਦੀ ਹੀ ਵਿਆਹ ਕਰਨਾ ਚਾਹੁੰਦਾ ਸੀ, ਇਸ ਡਰੋਂ ਕਿ ਲੜਕਾ ਅਤੇ ਉਸ ਦਾ ਪਰਿਵਾਰ 3 ਸਾਲ ਹੋਰ ਇੰਤਜ਼ਾਰ ਨਹੀਂ ਕਰੇਗਾ। ਵਿਆਹ ਹੁਣ ਇਸ ਹਫਤੇ ਲਈ ਤੈਅ ਹੋ ਗਿਆ ਹੈ।

ਕਦੋਂ-ਕਦੋਂ ਹੋਏ ਵਿਆਹ ਦੀ ਉਮਰ ’ਚ ਬਦਲਾਅ
ਭਾਰਤ ਵਿੱਚ, ਬਾਲਗ ਕਹਾਉਣ ਦੀ ਉਮਰ 18 ਸਾਲ ਹੈ ਪਰ ਵਿਆਹ ਲਈ ਘੱਟੋ-ਘੱਟ ਉਮਰ ਲੜਕਿਆਂ ਲਈ 21 ਸਾਲ ਅਤੇ ਕੁੜੀਆਂ ਲਈ 18 ਸਾਲ ਹੈ। ਹੁਣ ਕੇਂਦਰੀ ਮੰਤਰੀ ਮੰਡਲ ਨੇ ਲੜਕੀਆਂ ਦੇ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਇਸ ਬਿੱਲ ਨੂੰ ਮੌਜੂਦਾ ਸੈਸ਼ਨ ਵਿੱਚ ਹੀ ਪੇਸ਼ ਕਰੇਗੀ। ਦੇਸ਼ ’ਚ ਵਿਆਹ ਦੀ ਉਮਰ ’ਚ ਬਦਲਾਅ 43 ਸਾਲਾਂ ਬਾਅਦ ਕੀਤਾ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਹ ਬਦਲਾਅ 1978 ’ਚ ਕੀਤਾ ਗਿਆ ਸੀ। ਉਦੋਂ 1929 ਦੇ ਸ਼ਾਰਦਾ ਐਕਟ ਵਿੱਚ ਸੋਧ ਕਰਕੇ ਵਿਆਹ ਦੀ ਉਮਰ 15 ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ ਸੀ।


Rakesh

Content Editor

Related News