ਆਗਰਾ ''ਚ ਨਹੀ ਰੁਕ ਰਹੀ ਕੋਰੋਨਾ ਦੀ ਰਫਤਾਰ, 45 ਨਵੇਂ ਮਾਮਲਿਆਂ ਦੀ ਪੁਸ਼ਟੀ
Sunday, Apr 19, 2020 - 11:00 AM (IST)
ਆਗਰਾ-ਉੱਤਰ ਪ੍ਰਦੇਸ਼ ਦੇ ਆਗਰਾ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਰੋਜ਼ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਅੱਜ ਇੱਥੇ 45 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ 241 ਤੱਕ ਗਿਣਤੀ ਪਹੁੰਚ ਚੁੱਕੀ ਹੈ ਜਦਕਿ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲਾ ਅਧਿਕਾਰੀ ਪ੍ਰਭੂ ਨਰਾਇਣ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਸ ਹਸਪਤਾਲ ਦੇ ਨਾਲ ਡਾਕਟਰ ਮਿੱਤਲ ਨਰਸਿੰਗ ਹੋਮ ਦੇ ਸੰਪਰਕ ਦੇ ਮਰੀਜ਼ ਵੀ ਚੁਣੌਤੀ ਬਣ ਗਏ ਹਨ। ਹੁਣ ਤੱਕ 3610 ਸੈਂਪਲ ਲਏ ਜਾ ਚੁੱਕੇ ਹਨ। 281 ਪੂਲ ਸੈਂਪਲ ਲਏ ਗਏ ਹਨ। ਹੁਣ ਤੱਕ ਕੋਰੋਨਾ ਨਾਲ 3 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੂਬੇ 'ਚ ਹੁਣ ਤੱਕ 974 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚੋਂ 500 ਤੋਂ ਜ਼ਿਆਦਾ ਮਰੀਜ਼ ਤਬਲੀਗੀ ਜਮਾਤ ਨਾਲ ਜੁੜੇ ਹਨ। ਹੁਣ ਤੱਕ ਸੂਬੇ ਦੇ 49 ਜ਼ਿਲੇ ਕੋਰੋਨਾ ਦਾ ਚਪੇਟ 'ਚ ਹਨ ਅਤੇ 108 ਲੋਕ ਠੀਕ ਵੀ ਹੋ ਚੁੱਕੇ ਹਨ।