ਵੱਡੀ ਖ਼ਬਰ ; ਸਿੱਖਿਆ ਵਿਭਾਗ ਨੇ 4 ਅਧਿਆਪਕਾਂ ਨੂੰ ਕੀਤਾ Suspend
Tuesday, May 27, 2025 - 01:16 PM (IST)

ਨੈਸ਼ਨਲ ਡੈਸਕ- ਇਕ ਪਾਸੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ, ਉੱਥੇ ਹੀ ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਸਥਾਨ ਸਿੱਖਿਆ ਵਿਭਾਗ ਨੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਦੀਆਂ ਅੰਸਰ ਸ਼ੀਟਸ ਨੂੰ ਸੰਭਾਲਣ ਵਿੱਚ ਵੱਡੀ ਲਾਪਰਵਾਹੀ ਲਈ ਚਾਰ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਦਾ ਕਾਰਨ ਪ੍ਰੀਖਿਆਵਾਂ ਦੀ ਗੁਪਤਤਾ ਨੂੰ ਭੰਗ ਕਰਨਾ ਅਤੇ ਚੈਕਿੰਗ ਪ੍ਰੋਟੋਕੋਲ ਵਿੱਚ ਗੰਭੀਰ ਖਾਮੀਆਂ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਤੋਂ ਬਾਅਦ ਚੱਲ ਰਹੀ ਚੈਕਿੰਗ ਪ੍ਰਕਿਰਿਆ ਦੌਰਾਨ ਘਟੀਆ ਪ੍ਰਬੰਧ ਦੀਆਂ ਰਿਪੋਰਟਾਂ ਤੋਂ ਬਾਅਦ ਸਿੱਖਿਆ ਡਾਇਰੈਕਟੋਰੇਟ, ਬੀਕਾਨੇਰ ਦੇ ਡਾਇਰੈਕਟਰ ਆਸ਼ੀਸ਼ ਮੋਦੀ ਨੇ ਸੋਮਵਾਰ ਦੇਰ ਰਾਤ ਇਨ੍ਹਾਂ ਅਧਿਆਪਕਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਸਨ। ਮੁਅੱਤਲ ਕੀਤੇ ਗਏ ਅਧਿਆਪਕਾਂ ਵਿੱਚੋਂ ਦੋ ਅਲਵਰ ਜ਼ਿਲ੍ਹੇ ਦੇ ਹਨ, ਜਦੋਂ ਕਿ ਬਾਕੀ ਦੋ ਨਾਗੌਰ ਜ਼ਿਲ੍ਹੇ ਦੇ ਡਿਡਵਾਨਾ-ਕੁਚਮਨ ਇਲਾਕੇ ਦੇ ਦੱਸੇ ਜਾ ਰਹੇ ਹਨ।
ਅਲਵਰ ਵਿੱਚ ਸਰਕਾਰੀ ਹਾਈ ਸੈਕੰਡਰੀ ਸਕੂਲ, ਰੇਲਵੇ ਸਟੇਸ਼ਨ ਦੇ ਇੱਕ ਸੀਨੀਅਰ ਗਣਿਤ ਅਧਿਆਪਕ ਓਮਪ੍ਰਕਾਸ਼ ਗਾਈ ਸੈਣੀ ਨੇ ਕਥਿਤ ਤੌਰ 'ਤੇ ਚੈਕਿੰਗ ਦੌਰਾਨ ਇੰਟਰਨਾਂ ਦੇ ਸਾਹਮਣੇ RBSE ਸੈਕੰਡਰੀ ਪ੍ਰੀਖਿਆ ਦੀਆਂ ਅੰਸਰ ਸ਼ੀਟਸ ਨੂੰ ਅਣਗੌਲਿਆ ਛੱਡ ਦਿੱਤਾ।
ਇਹ ਵੀ ਪੜ੍ਹੋ- ਇਹ ਹੁੰਦੈ Confidence ! IPL ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਧਾਕੜ ਨੇ ਕਿਹਾ ਸੀ- '14ਵੇਂ ਮੈਚ ਤੋਂ ਬਾਅਦ...'
ਇਸ ਦੌਰਾਨ ਉਸੇ ਸਕੂਲ ਵਿੱਚ ਹਿੰਦੀ ਸਾਹਿਤ ਦੀ ਅਧਿਆਪਕਾ ਮੀਨਾਕਸ਼ੀ ਅਰੋੜਾ ਨੇ ਕਥਿਤ ਤੌਰ 'ਤੇ ਖੁੱਲ੍ਹੀਆਂ ਅੰਸਰ ਸ਼ੀਟਸ ਦੀ ਫੋਟੋ ਖਿੱਚੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਸੈਣੀ ਅਤੇ ਅਰੋੜਾ ਦੋਵਾਂ ਨੂੰ ਗੁਪਤਤਾ ਦੀ ਉਲੰਘਣਾ ਅਤੇ ਡਿਊਟੀ ਵਿੱਚ ਅਣਗਹਿਲੀ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸੈਣੀ ਅਗਲੇ ਤਿੰਨ ਸਾਲਾਂ ਲਈ ਅੰਸਰ ਸ਼ੀਟਸ ਦੀ ਚੈਕਿੰਗ ਨਹੀਂ ਕਰਨਗੇ।
ਇਸ ਤੋਂ ਇਲਾਵਾ ਨਾਗੌਰ ਜ਼ਿਲ੍ਹੇ ਦੇ ਇੱਕ ਵੱਖਰੇ ਮਾਮਲੇ ਵਿੱਚ ਸਰਕਾਰੀ ਹਾਈ ਸੈਕੰਡਰੀ ਸਕੂਲ, ਬਾਗੋਟ (ਦੀਦਵਾਨਾ-ਕੁਚਮਨ) ਦੇ ਇੱਕ ਸੀਨੀਅਰ ਸੰਸਕ੍ਰਿਤ ਅਧਿਆਪਕ, ਭੰਵਰੂਦੀਨ ਨੇ ਅੰਸਰ ਸ਼ੀਟਸ 'ਤੇ ਮਾਰਕਿੰਗ ਕਰਨ ਲਈ ਸਰਕਾਰੀ ਹਾਈ ਸੈਕੰਡਰੀ ਸਕੂਲ, ਨਿੰਬਾਰੀ (ਮਕਰਾਣਾ) ਦੇ ਆਪਣੇ ਸਾਥੀ ਪ੍ਰਦੀਪ ਕੁਮਾਰ ਸ਼ਰਮਾ ਦੀ ਮਦਦ ਲਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਰਮਾ ਨੇ ਇਸ ਪ੍ਰਕਿਰਿਆ ਵਿੱਚ ਆਪਣੇ ਪਿਤਾ ਨੂੰ ਵੀ ਸ਼ਾਮਲ ਕੀਤਾ।
ਭੰਵਰੂਦੀਨ ਅਤੇ ਸ਼ਰਮਾ ਦੋਵਾਂ ਨੂੰ ਚੈਕਿੰਗ ਪ੍ਰਕਿਰਿਆ ਦੇ ਨਿਯਮਾਂ ਨਾਲ ਸਮਝੌਤਾ ਕਰਨ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁਅੱਤਲੀ ਦੀ ਮਿਆਦ ਦੌਰਾਨ ਨਾਗੌਰ ਦੇ ਡੀ.ਈ.ਓ. ਦਫ਼ਤਰ ਨਾਲ ਜੋੜਿਆ ਗਿਆ ਹੈ। ਸਿੱਖਿਆ ਵਿਭਾਗ ਨੇ ਬੋਰਡ ਪ੍ਰੀਖਿਆ ਪ੍ਰਣਾਲੀ ਵਿੱਚ ਗੁਪਤਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਨਿਯਮਾਂ ਦਾ ਉਲੰਘਣ ਕੀਤਾ ਤਾਂ ਉਸ ਖ਼ਿਲਾਫ਼ ਇੰਝ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e