4 ਆਦਤਾਂ ਤੁਹਾਡੇ ਦਿਮਾਗ ਨੂੰ ਕਰ ਦੇਣਗੀਆਂ 8 ਸਾਲ ਜਵਾਨ
Thursday, Dec 18, 2025 - 01:08 AM (IST)
ਨੈਸ਼ਨਲ ਡੈਸਕ - ਵਿਗਿਆਨੀਆਂ ਨੇ ਇਕ ਨਵੀਂ ਖੋਜ ’ਚ ਪਾਇਆ ਹੈ ਕਿ 4 ਸਕਾਰਾਤਮਕ ਆਦਤਾਂ ਤੁਹਾਡੇ ਦਿਮਾਗ ਨੂੰ ਤੁਹਾਡੀ ਉਮਰ ਦੇ ਮੁਕਾਬਲੇ 8 ਸਾਲ ਤੱਕ ਜਵਾਨ ਬਣਾ ਸਕਦੀਆਂ ਹਨ। ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਨਵੀਂ ਖੋਜ ਕੀਤੀ। ਇਸ ਅਧਿਐਨ ਦੌਰਾਨ 4 ਮਹਾਂਦੀਪਾਂ ਦੇ ਮੱਧ-ਉਮਰ ਤੋਂ ਲੈ ਕੇ ਬਜ਼ੁਰਗਾਂ, ਬਾਲਗਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਲਗਾਤਾਰ 2 ਸਾਲਾਂ ਤੱਕ ਟਰੈਕ ਕੀਤਾ ਗਿਆ। ਭਾਗੀਦਾਰਾਂ ’ਚ 70 ਫੀਸਦੀ ਔਰਤਾਂ ਸਨ, ਜੋ ਪੁਰਾਣੇ ਦਰਦ ਅਤੇ ਗਠੀਏ ਤੋਂ ਪੀੜਤ ਸਨ।
ਖੋਜਕਾਰਾਂ ਨੇ ਸਾਰੇ ਭਾਗੀਦਾਰਾਂ ਦੇ ਦਿਮਾਗ ਦੀ ਉਮਰ ਦਾ ਅਧਿਐਨ ਕਰਨ ਲਈ ਐੱਮ.ਆਰ.ਆਈ. ਸਕੈਨ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ। ਇਨ੍ਹਾਂ ਸਾਰਿਆਂ ਨੂੰ ਮਨੋਵਿਗਿਆਨ ਅਤੇ ਲਾਈਫ ਸਟਾਈਲ ਨਾਲ ਜੁੜੀ ਥੈਰੇਪੀ ਦਿੱਤੀ ਗਈ ਅਤੇ ਪਾਇਆ ਕਿ ਇਨ੍ਹਾਂ ਦਾ ਦਿਮਾਗ ਪਹਿਲਾਂ ਨਾਲੋਂ 8 ਸਾਲ ਤੱਕ ਜਵਾਨ ਹੋ ਗਿਆ ਹੈ। ਉਸ ਦੀ ਸਰਗਰਮੀ ਵਧੀ ਅਤੇ ਨੁਕਸਾਨ ਦੀ ਭਰਪਾਈ ਹੋਈ। ਇਹ ਅਧਿਐਨ ਜਰਨਲ ਬ੍ਰੇਨ ਕਮਿਊਨੀਕੇਸ਼ਨ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਦੀ ਅਗਵਾਈ ਕਰਨ ਵਾਲੀ ਫਲੋਰੀਡਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸਿਬਿਲੇ ਕਿਮਬਰਲੇ ਦੇ ਅਨੁਸਾਰ ਇਹ ਖੋਜ ਦੱਸਦੀ ਹੈ ਕਿ ਲੋਕ ਭਾਵੇਂ ਹੀ ਲੰਬੇ ਸਮੇਂ ਤੋਂ ਦਰਦ ਤੋਂ ਪੀੜਤ ਹੋਣ ਪਰ ਉਨ੍ਹਾਂ ਦੇ ਦਿਮਾਗ ਦੀ ਸਥਿਤੀ ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦੀ ਹੈ।
ਦਿਮਾਗ ਨੂੰ ਜਵਾਨ ਕਰਨ ਵਾਲੇ ਅੰਗ
ਵਿਗਿਆਨੀਆਂ ਨੇ ਪਾਇਆ ਕਿ ਆਸ਼ਾਵਾਦੀ ਸੋਚ, ਲੋੜੀਂਦੀ ਨੀਂਦ, ਤਣਾਅ ਪ੍ਰਬੰਧਨ ਅਤੇ ਮਜ਼ਬੂਤ ਸਮਾਜਿਕ ਸਮਰਥਨ ਨਾਲ ਦਿਮਾਗ ਜਵਾਨ ਰਹਿੰਦਾ ਹੈ। ਇਹ ਗੱਲ ਬ੍ਰੇਨ ਸਕੈਨ ’ਚ ਵੀ ਨਜ਼ਰ ਆਈ। ਇਨ੍ਹਾਂ ਚਾਰਾਂ ਤੋਂ ਇਲਾਵਾ ਸਿਗਰਟਨੋਸ਼ੀ ਛੱਡਣ ਅਤੇ ਸਰੀਰ ਦਾ ਭਾਰ ਕੰਟਰੋਲ ਰੱਖਣ ਨਾਲ ਵੀ ਦਿਮਾਗ ਦੀ ਉਮਰ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਇਨ੍ਹਾਂ ਕਾਰਨਾਂ ਕਰ ਕੇ ਜਲਦ ਬੁੜਾ ਹੁੰਦਾ ਹੈ ਦਿਮਾਗ
ਅਧਿਐਨ ’ਚ ਇਹ ਵੀ ਪਾਇਆ ਗਿਆ ਕਿ ਉਮਰ ਵਧਣ ਦੀਆਂ ਮੁਸ਼ਕਲਾਂ ਅਕਸਰ ਦਿਮਾਗ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ’ਚ ਘੱਟ ਆਮਦਨ, ਸਿੱਖਿਆ ਦਾ ਕਮਜ਼ੋਰ ਪੱਧਰ ਅਤੇ ਸਮਾਜਿਕ ਪਾਬੰਦੀਆਂ ਸ਼ਾਮਲ ਹਨ।
ਦਿਮਾਗ ਦੇ 5 ਮੁੱਖ ਪੜਾਅ
ਜਨਮ ਤੋਂ 9 ਸਾਲ ਤੱਕ
- ਨਿਊਰਾਨਿਕ ਕੁਨੈਕਸ਼ਨ ਰੀਵਾਇਰ ਅਤੇ ਮਜ਼ਬੂਤ ਹੁੰਦੇ ਹਨ
- ਗ੍ਰੇ ਅਤੇ ਵ੍ਹਾਈਟ ਮੇਟਰ ਤੇਜ਼ੀ ਨਾਲ ਵਧਦਾ ਹੈ
- ਦਿਮਾਗ ਦੀ ਬਾਹਰੀ ਸਤ੍ਹਾ ਸਥਿਰ ਹੁੰਦੀ ਹੈ
9-32 ਸਾਲ
- ਦਿਮਾਗ ਦੇ ਕੁਨੈਕਸ਼ਨ ਵਧੇਰੇ ਸੰਗਠਿਤ ਅਤੇ ਕੁਸ਼ਲ ਹੋ ਜਾਂਦੇ ਹਨ
- ਬੋਧਾਤਮਕ ਪ੍ਰਦਰਸ਼ਨ ਵਧਦਾ ਹੈ
- ਮਾਨਸਿਕ ਸਿਹਤ ਨਾਲ ਡਿਸਆਰਡਰ ਦਾ ਖਤਰਾ ਵੀ ਵਧਦਾ ਹੈ
32-66 ਸਾਲ
- ਦਿਮਾਗ ਦੀ ਬਣਤਰ ਸਥਿਰ ਹੋ ਜਾਂਦੀ ਹੈ
- ਸ਼ਖਸੀਅਤ ਅਤੇ ਬੁੱਧੀ ਇਕ ਖਾਸ ਪੱਧਰ ’ਤੇ ਸਥਿਰ ਹੋ ਜਾਂਦੀ ਹੈ
- ਦਿਮਾਗ ’ਚ ਜ਼ਿਆਦਾ ਤੋਂ ਜ਼ਿਆਦਾ ਗਰੂਵਜ਼ ਬਣ ਜਾਂਦੀਆਂ ਹਨ
66-83 ਸਾਲ
- ਦਿਮਾਗ ਦੇ ਨੈੱਟਵਰਕ ਹੌਲੀ-ਹੌਲੀ ਮੁੜ ਸੰਗਠਿਤ ਹੁੰਦੇ ਹਨ
- ਨਿਊਰਾਨਸ ਵਿਚਕਾਰ ਸੰਪਰਕ ਦਾ ਪੱਧਰ ਘੱਟ ਜਾਂਦਾ ਹੈ
- ਵ੍ਹਾਈਟ ਮੈਟਰ ਦਾ ਸੜਨਾ ਸ਼ੁਰੂ ਹੋਣ ਲੱਗਦਾ ਹੈ
83 ਸਾਲਾਂ ਬਾਅਦ
- ਪੂਰੇ ਦਿਮਾਗ਼ ਵਿਚਾਲੇ ਆਪਸੀ ਸੰਪਰਕ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ
- ਦਿਮਾਗ਼ ਕੁਝ ਖਾਸ ਖੇਤਰਾਂ ’ਤੇ ਹੀ ਨਿਰਭਰ ਹੋ ਕੇ ਰਹਿ ਜਾਂਦਾ ਹੈ
