ਸਕੂਲ ''ਚ ਮਿਡ-ਡੇ-ਮੀਲ ਖਾਣ ਨਾਲ 38 ਬੱਚੇ ਬਿਮਾਰ, ਹਸਪਤਾਲ ''ਚ ਕਰਵਾਏ ਗਏ ਦਾਖਲ
Tuesday, Oct 01, 2024 - 10:03 PM (IST)
ਠਾਣੇ— ਮਹਾਰਾਸ਼ਟਰ ਦੇ ਠਾਣੇ ਸ਼ਹਿਰ ਨੇੜੇ ਇਕ ਨਿੱਜੀ ਸਕੂਲ 'ਚ ਕਥਿਤ ਤੌਰ 'ਤੇ ਜ਼ਹਿਰੀਲਾ ਮਿਡ-ਡੇ-ਮੀਲ ਖਾਣ ਤੋਂ ਬਾਅਦ ਮੰਗਲਵਾਰ ਨੂੰ 38 ਬੱਚੇ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਅਨੁਸਾਰ, ਅੱਠ ਤੋਂ 11 ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਚੱਕਰ ਆਉਣੇ, ਮਤਲੀ, ਸਿਰ ਦਰਦ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਲਵਾ ਕਸਬੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਠਾਣੇ ਨਗਰ ਨਿਗਮ (ਟੀ.ਐਮ.ਸੀ.) ਦੇ ਵਧੀਕ ਕਮਿਸ਼ਨਰ ਸੰਦੀਪ ਮਾਲਵੀ ਨੇ ਦੱਸਿਆ ਕਿ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਬੱਚਿਆਂ ਨੇ ਪ੍ਰਾਈਵੇਟ ਸਕੂਲ ਵਿੱਚ ਮਿਡ-ਡੇਅ ਮੀਲ ਖਾਧਾ ਸੀ। ਇੱਕ ਹੋਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖਾਣੇ ਵਿੱਚ ਚਾਵਲ ਅਤੇ ਬੀਨ ਦੀ ਕਰੀ ਪਰੋਸੀ ਗਈ।
ਅਧਿਕਾਰੀਆਂ ਨੇ ਕਿਹਾ, "ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੇ ਨਮੂਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੇ ਅਧਿਕਾਰੀਆਂ ਨੇ ਇਕੱਠੇ ਕੀਤੇ ਹਨ। ਅਧਿਕਾਰੀਆਂ ਨੇ ਕਿਹਾ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੀਨ ਕਰੀ ਬਾਸੀ ਸੀ ਜਾਂ ਨਹੀਂ।" ਅਧਿਕਾਰੀਆਂ ਮੁਤਾਬਕ ਸ਼ੁਰੂਆਤ 'ਚ ਪੰਜ ਵਿਦਿਆਰਥੀਆਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਹੌਲੀ-ਹੌਲੀ ਉਨ੍ਹਾਂ ਦੀ ਗਿਣਤੀ ਵਧਦੀ ਗਈ। ਉਨ੍ਹਾਂ ਕਿਹਾ, “ਸਕੂਲ ਪ੍ਰਸ਼ਾਸਨ ਨੇ ਐਂਬੂਲੈਂਸ ਬੁਲਾਈ ਅਤੇ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ।” ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਵਿੱਚ ਮੌਜੂਦ ਹਨ।