ਬੁੱਢਿਆਂ ਨੂੰ ਜਵਾਨ ਬਣਾਉਣ ਦਾ ਦਿਖਾਇਆ ਸੁਫ਼ਨਾ, ਜੋੜੇ ਨੇ 35 ਕਰੋੜ ਰੁਪਏ ਠੱਗੇ

Friday, Oct 04, 2024 - 05:48 PM (IST)

ਕਾਨਪੁਰ (ਭਾਸ਼ਾ)- ਕਾਨਪੁਰ 'ਚ ਇਕ ਜੋੜੇ ਨੇ 'ਟਾਈਮ ਮਸ਼ੀਨ' ਰਾਹੀਂ ਬਜ਼ੁਰਗ ਨੂੰ ਜਵਾਨ ਬਣਾਉਣ ਦਾ ਝਾਂਸਾ ਦੇ ਕੇ ਸੈਂਕੜੇ ਲੋਕਾਂ ਨਾਲ ਕਥਿਤ ਤੌਰ 'ਤੇ 35 ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਫਰਾਰ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਅੰਕਿਤਾ ਸ਼ਰਮਾ ਨੇ ਦੱਸਿਆ ਕਿ ਰਾਜੀਵ ਕੁਮਾਰ ਦੁਬੇ ਅਤੇ ਉਨ੍ਹਾਂ ਦੀ ਪਤਨੀ ਰਸ਼ਮੀ ਦੁਬੇ ਨੇ ਸਾਕੇਤ ਨਗਰ 'ਚ 'ਰਿਵਾਈਵਲ ਵਰਲਡ' ਨਾਮ ਦਾ ਇਕ ਥੈਰੇਪੀ ਸੈਂਟਰ ਖੋਲ੍ਹਿਆ ਸੀ, ਜਿੱਥੇ ਉਨ੍ਹਾਂ ਨੇ 'ਟਾਈਮ ਮਸ਼ੀਨ' ਦੇ ਅੰਦਰ 'ਹਾਈਪਰਬੇਰਿਕ ਆਕਸੀਜਨ ਥੈਰੇਪੀ' ਕਰਨ ਦਾ ਦਾਅਵਾ ਕੀਤਾ, ਜੋ ਕੁਝ ਮਹੀਨਿਆਂ 'ਚ ਜਵਾਨ ਬਣਾ ਸਕਦੀ। ਉਨ੍ਹਾਂ ਦੱਸਿਆ ਕਿ ਉਕਤ ਜੋੜੇ ਨੇ ਕਥਿਤ ਤੌਰ 'ਤੇ 'ਪਿਰਾਮਿਡ ਸਕੀਮ' ਸ਼ੁਰੂ ਕੀਤੀ ਸੀ ਅਤੇ ਉਹ ਘੱਟ ਸਮੇਂ 'ਚ ਆਕਰਸ਼ਕ ਛੋਟ ਅਤੇ ਵੱਧ ਮੁਨਾਫਾ ਕਮਾਉਣ ਦਾ ਲਾਲਚ ਦੇ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਦੇ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਦੱਸਿਆ ਕਿ ਜੋੜੇ ਨੇ ਲੋਕਾਂ 'ਚ ਪੈਂਫਲਿਟ ਵੰਡੇ ਅਤੇ ਹੋਰਡਿੰਗ ਵੀ ਲਗਾਏ ਜਿਸ 'ਚ ਦਾਅਵਾ ਕੀਤਾ ਗਿਆ ਕਿ ਕਾਨਪੁਰ ਦੀ ਪ੍ਰਦੂਸ਼ਿਤ ਹਵਾ ਕਾਰਨ ਲੋਕ ਤੇਜ਼ੀ ਨਾਲ ਬੁੱਢੇ ਹੋ ਰਹੇ ਹਨ ਅਤੇ ਉਮਰ ਘੱਟ ਕਰਨ ਵਾਲੀ 'ਟਾਈਮ ਮਸ਼ੀਨ' 65 ਸਾਲ ਦੇ ਵਿਅਕਤੀ ਨੂੰ 25 ਸਾਲ ਦਾ ਬਣਾ ਸਕਦੀ ਹੈ।''

ਇਹ ਵੀ ਪੜ੍ਹੋ : ਗੂਗਲ 'ਤੇ ਮਾਰੀ ਸਰਚ, ਖਾਤੇ 'ਚੋਂ ਉੱਡ ਗਏ 6 ਲੱਖ ਰੁਪਏ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਪੁਲਸ ਅਧਿਕਾਰੀ ਨੇ ਦੱਸਿਆ ਕਿ ਜੋੜਾ 10 ਸੈਸ਼ਨਾਂ ਲਈ 6 ਹਜ਼ਾਰ ਰੁਪਏ ਅਤੇ ਤਿੰਨ ਸਾਲ ਦੀ ਇਨਾਮ ਸਕੀਮ ਲਈ 90 ਹਜ਼ਾਰ ਰੁਪਏ ਦੇ ਪੈਕੇਜ ਦੀ ਪੇਸ਼ਕਸ਼ ਕਰਦਾ ਸੀ। ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤਾਂ 'ਚੋਂ ਇਕ ਰੇਨੂੰ ਸਿੰਘ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿ ਰਾਜੀਵ ਅਤੇ ਰਸ਼ਮੀ ਨੇ ਉਸ ਤੋਂ 7 ਲੱਖ ਰੁਪਏ ਠੱਗ ਲਏ ਸਨ। ਆਪਣੀ ਸ਼ਿਕਾਇਤ 'ਚ ਰੇਨੂੰ ਸਿੰਘ ਨੇ ਸ਼ੱਕ ਜਤਾਇਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਵਿਦੇਸ਼ ਦੌੜ ਗਏ ਹੋਣਗੇ। ਡਿਪਟੀ ਕਮਿਸ਼ਨਰ ਆਫ ਪੁਲਸ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਜੋੜੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 318 (4) (ਧੋਖਾਧੜੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਜੋੜੇ ਨੇ ਕਈ ਹੋਰ ਲੋਕਾਂ ਨੂੰ ਠੱਗਿਆ ਅਤੇ ਬਜ਼ੁਰਗਾਂ ਨੂੰ ਆਪਣੇ ਥੈਰੇਪੀ ਨਾਲ 25 ਸਾਲ ਦਾ ਨੌਜਵਾਨ ਬਣਾਉਣ ਦਾ ਝਾਂਸਾ ਦੇ ਕੇ 35 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜੱਪ ਲਈ। ਉਨ੍ਹਾਂ ਕਿਹਾ,''ਜੋੜਾ ਜਿਸ ਮਸ਼ੀਨ ਦਾ ਇਸਤੇਮਾਲ ਕਰਦਾ ਸੀ, ਉਸ ਦੀ ਮਾਹਿਰਾਂ ਤੋਂ ਜਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।'' ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News