MBBS 'ਚ ਦਾਖ਼ਲੇ ਦੇ ਨਾਂ 'ਤੇ ਲੱਖਾਂ ਦੀ ਠੱਗੀ, ਮੰਤਰੀ ਅਨਿਲ ਵਿਜ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
Saturday, Nov 18, 2023 - 01:40 PM (IST)
ਗੁਰੂਗ੍ਰਾਮ (ਵਾਰਤਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਗੁਰੂਗ੍ਰਾਮ ਪੁਲਸ ਕਮਿਸ਼ਨਰ ਨੂੰ 2 ਵਿਦਿਆਰਥਣਾਂ ਨੂੰ ਐੱਮ.ਬੀ.ਬੀ.ਐੱਸ. 'ਚ ਦਾਖ਼ਲਾ ਦਿਵਾਉਣ ਦੇ ਨਾਂ 'ਤੇ 30 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਵਿਜ ਨੇ ਅੰਬਾਲਾ ਸਥਿਤ ਘਰ 'ਤੇ ਗੁਰੂਗ੍ਰਾਮ ਤੋਂ ਆਈਆਂ 2 ਵਿਦਿਆਰਥਣਾਂ ਨੇ ਆਪਣੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਸੰਕਲਪ ਅਲਾਈਨਮੈਂਟ ਐਂਡ ਸਰਵਿਸ ਏਜੰਸੀ ਨੇ ਉਨ੍ਹਾਂ ਨੂੰ ਐੱਮ.ਬੀ.ਬੀ.ਐੱਸ. 'ਚ ਦਾਖ਼ਲਾ ਦਿਵਾਉਣ ਦੀ ਗੱਲ ਕਹੀ ਸੀ।
ਏਜੰਸੀ ਦੇ ਮਾਲਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪੱਛਮੀ ਬੰਗਾਲ ਸਥਿਤ ਸ਼੍ਰੀਰਾਮ ਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਦੁਰਗਾਪੁਰ 'ਚ ਉਨ੍ਹਾਂ ਦਾਖ਼ਲਾ ਕਰਵਾਇਆ ਜਾਵੇਗਾ। ਇਸ ਲਈ ਉਨ੍ਹਾਂ ਨੇ 15-15 ਲੱਖ ਰੁਪਏ ਯਾਨੀ ਕੁੱਲ 30 ਲੱਖ ਰੁਪਏ ਏਜੰਸੀ ਮਾਲਕ ਨੂੰ ਦਿੱਤੇ ਸਨ। ਏਜੰਸੀ ਨੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਦਾ ਦਾਖ਼ਲਾ ਹੋ ਗਿਆ ਹੈ ਅਤੇ ਉਹ ਦੁਰਗਾਪੁਰ ਜਾ ਕੇ ਆਪਣੀਆਂ ਜਮਾਤਾਂ ਸ਼ੁਰੂ ਕਰਨ। ਦੋਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਦੁਰਗਾਪੁਰ ਪਹੁੰਚੀਆਂ ਤਾਂ ਉਕਤ ਸੰਸਥਾ ਨੇ ਉਨ੍ਹਾਂ ਦਾ ਦਾਖ਼ਲਾ ਹੋਣ ਤੋਂ ਇਨਕਾਰ ਕੀਤਾ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਗੁਰੂਗ੍ਰਾਮ 'ਚ ਏਜੰਸੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਵੀ ਦਰਜ ਕਰਵਾਇਆ ਪਰ ਇਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ 'ਚ ਪੁਲਸ ਕਮਿਸ਼ਨਰ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8