ਚੰਗੀ ਖ਼ਬਰ: ਦੇਸ਼ ''ਚ ਬਣੇਗੀ ਰੂਸੀ ਕੋਰੋਨਾ ਵੈਕਸੀਨ ਦੀ 30 ਕਰੋੜ ਖੁਰਾਕ, ਭਾਰਤੀਆਂ ਲਈ 10 ਕਰੋੜ
Wednesday, Sep 16, 2020 - 11:09 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਭਾਰਤ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਰੂਸ ਵੈਕਸੀਨ ਦੀ 10 ਕਰੋੜ ਖੁਰਾਕ ਭਾਰਤ ਨੂੰ ਦੇਣ ਲਈ ਤਿਆਰ ਹੋ ਗਿਆ ਹੈ। ਰੂਸ ਦੀ Sputnik-V ਵੈਕਸੀਨ ਤਿਆਰ ਕਰਨ ਵਾਲੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਅਤੇ ਭਾਰਤ ਦੀ ਦਵਾਈ ਕੰਪਨੀ ਡਾ. ਰੈੱਡੀਜ਼ ਲੈਬ ਦੇ 'ਚ ਇਸ ਵੈਕਸੀਨ ਨੂੰ ਲੈ ਕੇ ਸਮਝੌਤਾ ਹੋਇਆ ਹੈ।
Sputnik-V ਵੈਕਸੀਨ ਦੇ ਸਫਲ ਹੋਣ ਦਾ ਐਲਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਕੀਤਾ ਸੀ। ਹਾਲਾਂਕਿ, ਉਦੋਂ ਤੱਕ ਸਿਰਫ ਫੇਜ਼-1 ਅਤੇ ਫੇਜ਼-2 ਟ੍ਰਾਇਲ ਹੀ ਪੂਰੇ ਹੋਏ ਸਨ। 26 ਅਗਸਤ ਨੂੰ ਵੈਕਸੀਨ ਦੇ ਤੀਸਰੇ ਫੇਜ਼ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਜੋ ਫਿਲਹਾਲ ਜਾਰੀ ਹੈ। ਫੇਜ਼-3 ਟ੍ਰਾਇਲ 'ਚ ਕਰੀਬ 40 ਹਜ਼ਾਰ ਲੋਕ ਹਿੱਸਾ ਲੈ ਰਹੇ ਹਨ।
ਰਾਇਟਰਸ ਦੀ ਰਿਪੋਰਟ ਮੁਤਾਬਕ, ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਭਾਰਤੀ ਕੰਪਨੀ ਨਾਲ ਕੁਲ 30 ਕਰੋੜ ਵੈਕਸੀਨ ਦੀ ਖੁਰਾਕ ਦੇ ਉਤਪਾਦਨ ਦਾ ਕਰਾਰ ਕੀਤਾ ਹੈ। ਡਾ. ਰੈੱਡੀਜ਼ ਲੈਬ ਹੁਣ ਭਾਰਤ 'ਚ ਇਸ ਵੈਕਸੀਨ ਦਾ ਫੇਜ਼-3 ਟ੍ਰਾਇਲ ਸ਼ੁਰੂ ਕਰੇਗੀ।
ਜੇਕਰ ਵੈਕਸੀਨ ਦੇ ਫੇਜ਼-3 ਟ੍ਰਾਇਲ ਦੇ ਨਤੀਜੇ ਚੰਗੇ ਰਹਿੰਦੇ ਹਨ ਤਾਂ ਨਵੰਬਰ ਤੱਕ ਵੈਕਸੀਨ ਭਾਰਤ 'ਚ ਉਪਲੱਬਧ ਹੋ ਸਕਦੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਵੈਕਸੀਨ ਨੂੰ ਲਾਇਸੰਸ ਦੇਣ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਹੈ। ਹਾਲਾਂਕਿ, ਬਿਨਾਂ ਫੇਜ਼-3 ਟ੍ਰਾਇਲ ਦੇ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਐਕਸਪਰਟਸ ਨੇ ਰੂਸ ਦੀ ਨਿੰਦਾ ਵੀ ਕੀਤੀ ਸੀ।
ਭਾਰਤ 'ਚ ਰੂਸੀ ਵੈਕਸੀਨ ਦੀ ਕੀਮਤ ਕਿੰਨੀ ਹੋਵੇਗੀ, ਫਿਲਹਾਲ ਇਸਦਾ ਫੈਸਲਾ ਨਹੀਂ ਕੀਤਾ ਗਿਆ ਹੈ ਪਰ RDIF ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ ਕਿ ਉਸਦਾ ਉਦੇਸ਼ ਵੈਕਸੀਨ ਤੋਂ ਲਾਭ ਲੈਣਾ ਨਹੀਂ ਹੈ। RDIF ਨੇ ਪਹਿਲਾਂ ਹੀ ਕਜ਼ਾਕਿਸਤਾਨ, ਬ੍ਰਾਜ਼ੀਲ ਅਤੇ ਮੈਕਸੀਕੋ ਦੇ ਨਾਲ ਵੈਕਸੀਨ ਦੀ ਸਪਲਾਈ ਦਾ ਸਮਝੌਤਾ ਹੈ। ਸਾਊਦੀ ਕੈਮੀਕਲ ਕੰਪਨੀ ਨਾਲ ਵੀ RDIF ਨੇ ਇੱਕ ਕਰਾਰ ਕੀਤਾ ਹੈ।