ਕਠੂਆ ’ਚ ਅੱਤਵਾਦੀਆਂ ਦੇ 3 ਟਿਕਾਣੇ ਤਬਾਹ
Saturday, Jan 17, 2026 - 04:24 AM (IST)
ਬਿਲਾਵਰ (ਅੰਜੂ, ਵਿਜੇ) - ਕਠੂਆ ਜ਼ਿਲੇ ਦੇ ਧਨੂ ਪਰੋਲ ਇਲਾਕੇ ’ਚ ਸੁਰੱਖਿਆ ਫੋਰਸਾਂ ਨੇ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਦੇ 3 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੇ ਦਿਨੀਂ 7 ਜਨਵਰੀ ਨੂੰ ਸੁਰੱਖਿਆ ਫੋਰਸਾਂ ਨੂੰ ਕਾਮਾੜ ਨਾਲਾ, ਕਾਲਾਬਨ, ਧਨੂ ਪਰੋਲ, ਬਿਲਾਵਰ ਦੇ ਜੰਗਲੀ ਇਲਾਕੇ ’ਚ ਦੇਸ਼ ਵਿਰੋਧੀ ਅਨਸਰਾਂ ਦੀ ਹਲਚਲ ਬਾਰੇ ਗੁਪਤ ਜਾਣਕਾਰੀ ਮਿਲੀ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਸੁਰੱਖਿਆ ਫੋਰਸਾਂ ਦੀਆਂ ਸਾਂਝੀਆਂ ਟੀਮਾਂ ਨੇ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਇਕ ਵੱਡਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।
ਆਪ੍ਰੇਸ਼ਨ ਦੌਰਾਨ ਅਣਪਛਾਤੇ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਅੰਨ੍ਹੇਵਾਹ ਫਾਈਰਿੰਗ ਕੀਤੀ, ਜਿਸ ਦਾ ਸੁਰੱਖਿਆ ਫੋਰਸਾਂ ਨੇ ਮੂੰਹ ਤੋੜ ਜਵਾਬ ਦਿੱਤਾ। ਆਪ੍ਰੇਸ਼ਨ ਪੂਰੀ ਰਾਤ ਜਾਰੀ ਰਿਹਾ। ਸਰਚ ਆਪ੍ਰੇਸ਼ਨ ਦੌਰਾਨ ਇਕ ਅੱਤਵਾਦੀ ਟਿਕਾਣਾ ਮਿਲਿਆ ਜਿਸ ’ਚੋਂ 2 ਐੱਮ-4 ਖਾਲੀ ਕਾਰਤੂਸ, ਦੇਸੀ ਘਿਓ ਵਾਲਾ ਇਕ ਪਲਾਸਟਿਕ ਦਾ ਡੱਬਾ, ਬਾਦਾਮ ਵਾਲਾ ਇਕ ਪਾਲੀਥੀਨ ਪੈਕੇਟ, ਦਸਤਾਨੇ, ਇਕ ਟੋਪੀ, ਇਕ ਕੰਬਲ, ਇਕ ਤਿਰਪਾਲ ਸ਼ੀਟ, ਇਕ ਛੋਟਾ ਪਾਊਚ, ਇਕ ਪਾਲੀਥੀਨ ਬੈਗ ਬਰਾਮਦ ਹੋਇਆ।
ਚੱਲ ਰਹੇ ਸਰਚ ਆਪ੍ਰੇਸ਼ਨ ਦੌਰਾਨ ਅੱਜ ਬਿਲਾਵਰ ਦੇ ਕਾਲੀਖਡ ਅਤੇ ਕਾਲਾਬਨ ਇਲਾਕਿਆਂ ’ਚ ਸਾਂਝੀਆਂ ਟੀਮਾਂ ਨੇ 2 ਹੋਰ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼ ਕੀਤਾ। ਇਨ੍ਹਾਂ ਟਿਕਾਣਿਆਂ ਤੋਂ ਕੁਕਿੰਗ ਗੈਸ ਸਿਲੰਡਰ, ਕੁਕਿੰਗ ਆਇਲ, ਚਾਰਜਰ ਵਾਇਰ, ਦਸਤਾਨੇ, ਖਾਣਾ ਪਕਾਉਣ ਅਤੇ ਖਾਣ ਦੇ ਬਰਤਨ, ਖਾਲੀ ਤੇਲ ਦਾ ਗੈਲਨ, ਵੱਡੇ ਪਲਾਸਟਿਕ ਬੈਗ, ਟਾਰਚ, ਕੰਬਲ ਕੰਟੇਨਰ, ਖਾਣ-ਪੀਣ ਦੀਆਂ ਚੀਜ਼ਾਂ ਦੇ ਰੈਪਰ ਅਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਬਰਾਮਦ ਹੋਇਆ ਹੈ। ਜ਼ਿਲੇ ਦੀ ਐੱਸ. ਐੱਸ. ਪੀ. ਮੋਹਿਤਾ ਸ਼ਰਮਾ ਨੇ ਦੱਸਿਆ ਕਿ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ ਅਤੇ ਕਠੂਆ ਪੁਲਸ ਜ਼ਿਲੇ ’ਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਸ ਅਤੇ ਸੁਰੱਖਿਆ ਏਜੰਸੀਆਂ ਹਾਲਾਤ ’ਤੇ ਨਜ਼ਰ ਰੱਖ ਰਹੀਆਂ ਹਨ।
