ਪ੍ਰਵਾਸੀ ਮਜ਼ਦੂਰ ਦੀ ਹੱਤਿਆ ’ਚ ਸ਼ਾਮਲ ਲਸ਼ਕਰ ਦੇ 3 ਅੱਤਵਾਦੀ ਗ੍ਰਿਫਤਾਰ
Sunday, Sep 18, 2022 - 03:31 PM (IST)

ਸ੍ਰੀਨਗਰ/ਜੰਮੂ, (ਉਦੇ)– ਜੰਮੂ ਕਸ਼ਮੀਰ ਪੁਲਸ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਹੱਤਿਆ ’ਚ ਸ਼ਾਮਲ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਅੱਤਵਾਦੀਆਂ ਨੂੰ ਲਸ਼ਕਰ-ਏ-ਤੋਇਬਾ ਦੇ ਪਾਕਿ ਹੈਂਡਲਰ ਬਾਬਰ ਨੇ ਗੈਰ-ਪ੍ਰਵਾਸੀ ਮਜ਼ਦੂਰਾਂ ਨੂੰ ਕਤਲ ਕਰਨ ਲਈ ਕਿਹਾ ਸੀ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਡਰਾ ਧਮਕਾ ਕੇ ਸਥਾਨਕ ਪੱਧਰ ’ਤੇ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਬਾਂਦੀਪੋਰਾ ਦੇ ਐੱਸ. ਐੱਸ. ਪੀ. ਮੁਹੰਮਦ ਜ਼ਾਹਿਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ 11-12 ਅਗਸਤ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਹਾਜਿਨ ਦੇ ਸਾਦੁਨਾਰਾ ਵਿੱਚ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਅਮਰੇਜ ਮਸੂਰੀ ਦੀ ਹੱਤਿਆ ਕਰ ਦਿੱਤੀ ਸੀ। ਜਾਂਚ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਤਕਨੀਕੀ ਮਦਦ ਵੀ ਲਈ ਗਈ।
ਜਾਂਚ ’ਚ ਸਾਹਮਣੇ ਆਇਆ ਕਿ ਸਥਾਨਕ ਅੱਤਵਾਦੀ ਵਸੀਮ ਅਕਰਮ, ਯਾਵਰ ਰਿਆਜ਼ ਅਤੇ ਮੁਜ਼ਮਿਲ ਸ਼ੇਖ ਲਸ਼ਕਰ-ਏ-ਤੋਇਬਾ ਦੇ ਹੈਂਡਲਰ ਬਾਬਰ ਦੇ ਸੰਪਰਕ ’ਚ ਸਨ ਜੋ ਪਾਕਿ ਤੋਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਕਤਲ ਵਿੱਚ ਵਰਤੀ ਗਈ ਪਿਸਤੌਲ, ਮੈਗਜ਼ੀਨ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।