ਗੈਰ-ਕਾਨੂੰਨੀ ਰੂਪ ਨਾਲ ਆਸਾਮ ਆਉਣ 26 ਸ਼ੱਕੀ ਰੋਹਿੰਗੀ ਹਿਰਾਸਤ ''ਚ ਲਏ ਗਏ

05/30/2022 6:45:47 PM

ਸਿਲਚਰ (ਭਾਸ਼ਾ)- ਆਸਾਮ ਪੁਲਸ ਨੇ ਮਿਆਂਮਾਰ ਦੇ 26 ਸ਼ੱਕੀ ਰੋਹਿੰਗਿਆ ਲੋਕਾਂ ਨੂੰ ਨੌਕਰੀਆਂ ਦੀ ਭਾਲ ਵਿਚ 'ਗੈਰ-ਕਾਨੂੰਨੀ ਢੰਗ ਨਾਲ ਕਛਾਰ ਜ਼ਿਲ੍ਹੇ ਵਿਚ ਦਾਖ਼ਲ ਹੋਣ' ਦੇ ਦੋਸ਼ ਵਿਚ ਹਿਰਾਸਤ 'ਚ ਲਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਪਰਿਵਾਰਾਂ ਦੇ 26 ਲੋਕ ਕਥਿਤ ਤੌਰ 'ਤੇ ਗੁਹਾਟੀ ਤੋਂ ਤਿੰਨ ਵਾਹਨਾਂ 'ਚ ਸਵਾਰ ਹੋ ਕੇ ਇੱਥੇ ਪੁੱਜੇ ਸਨ ਅਤੇ ਜੰਮੂ ਤੋਂ ਰੇਲਗੱਡੀ ਰਾਹੀਂ ਕਾਮਾਖਿਆ ਰੇਲਵੇ ਸਟੇਸ਼ਨ ਆਏ ਸਨ। ਪੁਲਸ ਨੇ ਸਿਲਚਰ ਸ਼ਹਿਰ ਨੇੜੇ ਐਤਵਾਰ ਨੂੰ ਨਿਯਮਿਤ ਤਲਾਸ਼ੀ ਦੌਰਾਨ ਕਾਰਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ, ਕਿਉਂਕਿ ਉਨ੍ਹਾਂ ਕੋਲ ਦੇਸ਼ ਵਿਚ ਦਾਖ਼ਲ ਹੋਣ ਲਈ ਜਾਇਜ਼ ਦਸਤਾਵੇਜ਼ ਨਹੀਂ ਸਨ।

ਪੁਲਸ ਸੁਪਰਡੈਂਟ (ਕਛਾਰ) ਰਮਨਦੀਪ ਕੌਰ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ 6 ਪੁਰਸ਼ਾਂ ਅਤੇ 6 ਔਰਤਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 7 ਬੱਚਿਆਂ ਨੂੰ ਉਨ੍ਹਾਂ ਦੀ ਮਾਂ ਕੋਲ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਸੱਤ ਬੱਚਿਆਂ ਨੂੰ ਆਬਜ਼ਰਵੇਸ਼ਨ ਹੋਮ ਭੇਜਿਆ ਗਿਆ ਹੈ। ਕੌਰ ਨੇ ਕਿਹਾ ਕਿ ਹਿਰਾਸਤ 'ਚ ਲਏ ਗਏ ਵਿਅਕਤੀਆਂ ਦੇ ਇੱਥੋਂ ਦੇ ਕੁਝ ਸਥਾਨਕ ਲੋਕਾਂ ਨਾਲ ਸੰਪਰਕ ਹੋ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਕੰਮ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਾਨਕ ਵਿਅਕਤੀਆਂ ਨੂੰ ਫੜਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਪਰਿਵਾਰ ਕਥਿਤ ਤੌਰ 'ਤੇ 2012 ਵਿਚ ਪੱਛਮੀ ਬੰਗਾਲ ਸਰਹੱਦ ਰਾਹੀਂ ਬੰਗਲਾਦੇਸ਼ ਤੋਂ ਦੇਸ਼ ਵਿਚ ਦਾਖ਼ਲ ਹੋਏ ਸਨ ਅਤੇ ਪਹਿਲਾਂ ਮਾਲਦਾ ਵਿਚ ਸ਼ਰਨ ਲਈ ਅਤੇ ਫਿਰ ਜੰਮੂ ਚਲੇ ਗਏ ਸਨ।


DIsha

Content Editor

Related News