ਹਿਮਾਚਲ ''ਚ ਵਧਿਆ ਕੋਰੋਨਾ ਵਾਇਰਸ; ਇਕ ਦਿਨ ''ਚ 3 ਲੋਕਾਂ ਦੀ ਮੌਤ, 258 ਨਵੇਂ ਮਾਮਲੇ ਆਏ

Sunday, Apr 09, 2023 - 12:46 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 258 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਦੇ 258 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ 3,062 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਨ੍ਹਾਂ 'ਚੋਂ ਸਭ ਤੋਂ ਵੱਧ 57 ਮਰੀਜ਼ ਹਮੀਰਪੁਰ ਜ਼ਿਲ੍ਹੇ 'ਚ ਪਾਏ ਗਏ ਹਨ। ਇਸ ਤੋਂ ਇਲਾਵਾ ਕਾਂਗੜਾ 'ਚ 56, ਮੰਡੀ 'ਚ 54, ਸ਼ਿਮਲਾ 'ਚ 26, ਬਿਲਾਸਪੁਰ 'ਚ 20, ਸੋਲਨ 'ਚ 17, ਕੁੱਲੂ 'ਚ 10, ਚੰਬਾ 'ਚ 6, ਊਨਾ 'ਚ 5, ਕਿਨੌਰ 'ਚ 4, ਸਿਰਮੌਰ 'ਚ 2 ਅਤੇ ਲਾਹੌਰ ਸਪੀਤ 'ਚ ਇਕ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 3,16,453 ਹੋ ਗਈ ਹੈ। ਇਸ ਸਮੇਂ ਦੌਰਾਨ ਸੂਬੇ 'ਚ 188 ਮਰੀਜ਼ ਕੋਰੋਨਾ ਦੀ ਲਾਗ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ। ਸੂਬੇ 'ਚ ਹੁਣ ਤੱਕ 3,10,425 ਲੋਕ ਕੋਰੋਨਾ ਤੋਂ ਸਿਹਤਮੰਦ ਹੋ ਚੁੱਕੇ ਹਨ। ਇਸ ਸਮੇਂ ਸੂਬੇ 'ਚ ਕੋਰੋਨਾ ਦੇ 1,807 ਕੇਸ ਸਰਗਰਮ ਹਨ। ਇਸ ਦੌਰਾਨ 3 ਮਰੀਜ਼ਾਂ ਦੀ ਮੌਤ ਨਾਲ ਸੂਬੇ 'ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4200 ਹੋ ਗਈ ਹੈ। ਮੰਡੀ ਦੀ 63 ਸਾਲਾ ਔਰਤ, ਸਿਰਮੌਰ ਦੇ ਰਾਜਗੜ੍ਹ ਦੀ 67 ਸਾਲਾ ਅਤੇ ਪਾਊਂਟਾ ਦੀ 81 ਸਾਲਾ ਸੈਣੇਵਾਲਾ ਮੁਬਾਰਿਕ ਦੀ ਮੈਡੀਕਲ ਕਾਲਜ ਨਾਹਨ ਦੇ ਕੋਵਿਡ ਵਾਰਡ 'ਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ 'ਚੋਂ 2 ਮਰੀਜ਼ ਹੋਰ ਬੀਮਾਰੀਆਂ ਤੋਂ ਵੀ ਪੀੜਤ ਸਨ।

ਹਿਮਾਚਲ 'ਚ ਇਕ ਹਫਤੇ 'ਚ ਕੋਰੋਨਾ ਦੀ ਪਾਜ਼ੇਟਿਵੀਟੀ ਦਰ 6.6 'ਤੇ ਪਹੁੰਚ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਕੋਰੋਨਾ ਨਾਲ ਨਜਿੱਠਣ ਲਈ ਹਸਪਤਾਲਾਂ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਪ੍ਰਬੰਧਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਬੀਮਾਰੀਆਂ ਤੋਂ ਪੀੜਤ ਬਜ਼ੁਰਗਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਸੂਬੇ ਦੇ ਲੋਕਾਂ ਨੂੰ ਅਜੇ ਵੀ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਸੂਬੇ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ 'ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੈਲਾਨੀ ਪਹੁੰਚ ਰਹੇ ਹਨ।


Tanu

Content Editor

Related News