ਨਰਾਤਿਆਂ ''ਚ ਕੁੱਟੂ ਦਾ ਆਟਾ ਖਾਣ ਵਾਲੇ ਹੋ ਜਾਣ ਸਾਵਧਾਨ! 250 ਤੋਂ ਵੱਧ ਲੋਕ ਹੋ ਗਏ ਬੀਮਾਰ, ਮਚੀ ਹਾਹਾਕਾਰ
Saturday, Oct 05, 2024 - 01:04 AM (IST)
ਬਿਜਨੌਰ- ਨਰਾਤਿਆਂ ਦੇ ਪਹਿਲੇ ਦਿਨ ਬਿਜਨੌਰ ਤੇ ਮੇਰਠ ’ਚ 250 ਤੋਂ ਵੱਧ ਵਿਅਕਤੀ ਕੁੱਟੂ ਦੇ ਆਟੇ ਤੋਂ ਬਣੇ ਪਕਵਾਨ ਖਾਣ ਨਾਲ ਬੀਮਾਰ ਹੋ ਗਏ।
ਸਾਰੇ ਵਿਅਕਤੀਆਂ ਨੇ ਪੇਟ ਦਰਦ, ਉਲਟੀਆਂ, ਦਸਤ ਤੇ ਸਰੀਰ ’ਚ ਕੰਬਣੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ।
ਬਿਜਨੌਰ ਦੇ ਚਾਂਦਪੁਰ ਥਾਣਾ ਖੇਤਰ ਦੇ ਪਿੰਡ ਸਿਆਉ ਦੀ ਮਾਨਸੀ ਪੁੱਤਰੀ ਸੁਰੇਸ਼, ਕਾਜਲ ਪਤਨੀ ਸਚਿਨ, ਰੇਖਾ ਪਤਨੀ ਸੁਰੇਸ਼, ਸੀਮਾ ਦੇਵੀ ਪਤਨੀ ਸੋਨੂੰ, ਵਿਵੇਕ ਪੁੱਤਰ ਸੁਰੇਸ਼ ਤੇ ਵਾਸੂ ਨੇ ਪਹਿਲੇ ਨਰਾਤੇ ਦਾ ਵਰਤ ਰੱਖਿਆ ਸੀ ਤੇ ਕੁੱਟੂ ਦੇ ਆਟੇ ਤੋਂ ਬਣੇ ਪਕਵਾਨ ਥਾਧੇ ਸਨ।
ਬਿਜਨੌਰ ਦੇ ਡੀ. ਐੱਮ. ਅੰਕਿਤ ਕੁਮਾਰ ਅਗਰਵਾਲ ਨੇ ਚਾਂਦਪੁਰ ਦੇ ਐੱਸ. ਡੀ. ਐੱਮ. ਤੇ ਫੂਡ ਸੇਫਟੀ ਵਿਭਾਗ ਨੂੰ ਸਿਆਉ ਦੀਆਂ ਸਾਰੀਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਕੁੱਟੂ ਦਾ ਆਟਾ ਜ਼ਬਤ ਕਰਨ ਤੇ ਨਮੂਨੇ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਡੀ. ਐੱਮ. ਨੇ ਜਾਂਚ ਤੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ। ਚੀਫ਼ ਫੂਡ ਸੇਫ਼ਟੀ ਅਫ਼ਸਰ ਸੰਜੀਵ ਕੁਮਾਰ ਅਨੁਸਾਰ ਆਟੇ ਦੇ 3 ਨਮੂਨੇ ਲਏ ਗਏ ਹਨ।
ਮੇਰਠ ’ਚ ਵੀ ਕੁੱਟੂ ਦੇ ਆਟੇ ਦੀਆਂ ਪੂਰੀਆਂ ਖਾਣ ਨਾਲ 50 ਤੋਂ ਵੱਧ ਔਰਤਾਂ ਅਤੇ ਬੱਚਿਆਂ ਦੀ ਹਾਲਤ ਵਿਗੜ ਗਈ।