ਬਿਹਾਰ ’ਚ ਹਨੇਰੀ-ਮੀਂਹ ਨਾਲ 25 ਦੀ ਮੌਤ, ਆਸਾਮ ’ਚ ਹੜ੍ਹ ਨਾਲ 7.18 ਲੱਖ ਲੋਕ ਪ੍ਰਭਾਵਿਤ
Friday, May 20, 2022 - 12:16 PM (IST)
ਪਟਨਾ/ਗੁਹਾਟੀ– ਬਿਹਾਰ ਦੇ ਕਈ ਹਿੱਸਿਆਂ ’ਚ ਵੀਰਵਾਰ ਨੂੰ 25 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨੇਰੀ ਚੱਲੀ ਅਤੇ ਫਿਰ ਕੁਝ ਦੇਰ ਬਾਅਦ ਕਿਤੇ ਹਲਕਾ ਤਾਂ ਕਿਤੇ ਤੇਜ਼ ਮੀਂਹ ਪਿਆ। ਕਈ ਥਾਵਾਂ ’ਤੇ ਗੜੇ ਵੀ ਪਏ। ਇਸ ਦੌਰਾਨ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਕੱਚੇ ਘਰ ਅਤੇ ਦਰਖਤ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ’ਚ 25 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਪਟਨਾ ਦੇ ਮਨੇਰ ’ਚ ਰੇਤਾ ਢੋਹਣ ਵਾਲੀਆਂ 6 ਕਿਸ਼ਤੀਆਂ ਗੰਗਾ ’ਚ ਡੁੱਬ ਗਈਆਂ। ਲਗਭਗ 50 ਮਜ਼ਦੂਰਾਂ ਨੇ ਤੈਰ ਕੇ ਆਪਣੀ ਜਾਨ ਬਚਾਈ। ਓਧਰ ਆਸਾਮ ’ਚ ਵੀਰਵਾਰ ਨੂੰ ਹੜ੍ਹ ਦੀ ਸਥਿਤੀ ਹੋਰ ਵਿਗੜ ਗਈ ਅਤੇ ਇਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਸੂਬੇ ਦੇ 27 ਜ਼ਿਲੇ ਅਤੇ ਇੱਥੇ ਰਹਿਣ ਵਾਲੇ ਲਗਭਗ 7.18 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ।
ਓਧਰ ਬੇਂਗਲੁਰੂ ਸਮੇਤ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ’ਚ ਵੀਰਵਾਰ ਨੂੰ ਤੀਸਰੇ ਦਿਨ ਵੀ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਕਾਰਨ ਸੂਬੇ ਦੇ ਕੁਝ ਖੇਤਰਾਂ ’ਚ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸੂਬੇ ’ਚ ਮੰਗਲਵਾਰ ਤੋਂ ਪੈ ਰਹੇ ਮੀਂਹ ਕਾਰਨ ਸੂਬੇ ਦੇ ਕੁਝ ਹਿੱਸਿਆਂ ’ਚ ਆਮ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ।
ਕੇਰਲ ’ਚ ਮੋਹਲੇਧਾਰ ਮੀਂਹ ਜਾਰੀ, 12 ਜ਼ਿਲਿਆਂ ’ਚ ਆਰੇਂਜ ਅਲਰਟ
ਤਿਰੁਵਨੰਤਪੁਰਮ : ਕੇਰਲ ’ਚ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਵੀਰਵਾਰ ਨੂੰ 12 ਜ਼ਿਲਿਆਂ ’ਚ ਪੂਰੇ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ। ਕੇਰਲ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਉੱਤਰੀ ਤਮਿਲਨਾਡੂ ਅਤੇ ਆਸਪਾਸ ਦੇ ਖੇਤਰਾਂ ’ਚ ਚਕਰਵਾਤ ਕਾਰਨ ਇਸ ਦੱਖਣੀ ਸੂਬੇ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਵੇਗਾ। ਕੇਂਦਰੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਸੂਬੇ ’ਚ ਅਗਲੇ ਦੋ ਦਿਨਾਂ ਤੱਕ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਅਤੇ ਉਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਸੀ।