ਟਿਊਬਵੈੱਲ ''ਚੋਂ ਆ ਰਹੀਆਂ ਸਨ ਆਵਾਜ਼ਾਂ, ਜਦੋਂ ਦੇਖਿਆ ਤਾਂ ਉੱਡੇ ਹੋਸ਼; ਨਿਕਲੇ 24 ਅਜਗਰ
Friday, Aug 30, 2024 - 10:11 PM (IST)
ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਦੀ ਚਕਰਨਗਰ ਤਹਿਸੀਲ ਦੇ ਗੋਪਾਲਪੁਰ ਪਿੰਡ ਵਿਚ ਸਰਕਾਰੀ ਟਿਊਬਵੈੱਲ ਦੀ ਪਾਣੀ ਵਾਲੀ ਟੈਂਕੀ ਵਿਚੋਂ 2 ਦਰਜਨ ਦੇ ਕਰੀਬ ਅਜਗਰਾਂ ਸਮੇਤ 25 ਸੱਪ ਨਿਕਲਣ ਨਾਲ ਹਲਚਲ ਮਚ ਗਈ। ਇਹ ਸਥਾਨ ਹੁਣ ਤੱਕ ਦਾ ਸਭ ਤੋਂ ਵੱਡਾ ਸੱਪਾਂ ਦਾ ਬਸੇਰਾ ਮੰਨਿਆ ਗਿਆ ਹੈ।
ਚੰਬਲ ਸੈਂਚੁਰੀ ਦੇ ਵਣ ਰੇਂਜ ਅਧਿਕਾਰੀ ਕੇ. ਕੇ. ਤਿਆਗੀ ਨੇ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਦੀ ਸੂਚਨਾ ਦੇ ਆਧਾਰ ’ਤੇ ਚੰਬਲ ਸੈਂਚੁਰੀ ਦੀ ਟੀਮ ਨੇ ਜੰਗਲੀ ਜੀਵ-ਜੰਤੂਆਂ ਦੇ ਪ੍ਰਤੀਨਿਧੀਆਂ ਦੀ ਮਦਦ ਨਾਲ ਪਿੰਡ ਗੋਪਾਲਪੁਰ ਸਥਿਤ ਸਰਕਾਰੀ ਟਿਊਬਵੈੱਲ ਦੀ ਪਾਣੀ ਵਾਲੀ ਟੈਂਕੀ ਤੋਂ ਬਚਾਅ ਮੁਹਿੰਮ ਚਲਾ ਕੇ 24 ਅਜਗਰਾਂ ਅਤੇ ਇਕ ਕਰੈਤ ਸੱਪ ਦਾ ਲਾਈਵ ਰੈਸਕਿਊ ਕੀਤਾ।
ਪਿੰਡ ਵਾਸੀਆਂ ਨੇ ਅਜਗਰਾਂ ਦੀ ਸਰਗਰਮੀ ਤੋਂ ਬਾਅਦ ਡਰ ਦੇ ਮਾਰੇ ਇਲਾਕੇ ਵਿਚ ਖੇਤੀ ਕਰਨੀ ਛੱਡ ਦਿੱਤੀ ਸੀ। ਰੈਸਕਿਊ ਤੋਂ ਬਾਅਦ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਰੈਸਕਿਊ ਕੀਤੇ ਗਏ ਸਾਰੇ ਸੱਪ 4 ਫੁੱਟ ਤੋਂ ਜ਼ਿਆਦਾ ਲੰਬੇ ਹਨ। ਦੱਸਿਆ ਜਾ ਰਿਹਾ ਹੈ ਕਿ ਇਥੇ 5 ਕਿਲੋ ਤੋਂ ਲੈ ਕੇ 100 ਕਿਲੋ ਤੱਕ ਭਾਰ ਵਾਲੇ ਅਜਗਰ ਰੈਸਕਿਊ ਕੀਤੇ ਗਏ ਹਨ।