ਦਿੱਲੀ ਪੁਲਸ ਨਾਲ ਮੁਕਾਬਲੇ ''ਚ ਮਾਰਿਆ ਗਿਆ ਲੁੱਟਖੋਹ ਦਾ 23 ਸਾਲਾ ਦੋਸ਼ੀ
Saturday, Jul 09, 2022 - 05:19 PM (IST)
ਨਵੀਂ ਦਿੱਲੀ (ਭਾਸ਼ਾ)- ਉੱਤਰ ਪੂਰਬੀ ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਪੁਲਸ ਨਾਲ ਮੁਕਾਬਲੇ 'ਚ 23 ਸਾਲਾ ਇਕ ਨੌਜਵਾਨ ਮਾਰਿਆ ਗਿਆ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਆਕਾਸ਼ ਉਰਫ਼ ਇਲੂ ਦੇ ਰੂਪ 'ਚ ਕੀਤੀ ਗਈ ਹੈ, ਜੋ ਕਰਤਾਰ ਨਗਰ ਦਾ ਵਾਸੀ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 8.30 ਵਜੇ ਪੁਲਸ ਨੇ ਇਕ ਜ਼ਖ਼ਮੀ ਵਿਅਕਤੀ ਨੂੰ ਦੇਖਿਆ ਜੋ ਖਾਦਰ ਖੇਤਰ 'ਚ ਆ ਰਿਹਾ ਸੀ। ਬਾਅਦ 'ਚ ਉਸ ਵਿਅਕਤੀ ਦੀ ਪਛਾਣ ਤੂਸ਼ਾਰ ਦੇ ਰੂਪ 'ਚ ਕੀਤੀ ਗਈ। ਉਸ ਨੇ ਪੁਲਸ ਨੂੰ ਦੱਸਿਆ ਕਿ 5 ਤੋਂ 6 ਲੋਕਾਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਦਾ ਮੋਬਾਇਲ ਫ਼ੋਨ ਖੋਹ ਲਿਆ। ਪੁਲਸ ਨੇ ਕਿਹਾ ਕਿ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਸੀ, ਇਸ ਲਈ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ ਪਿਤਾ ਗ੍ਰਿਫ਼ਤਾਰ, ਡੇਢ ਸਾਲ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ
ਅਧਿਕਾਰੀ ਨੇ ਕਿਹਾ ਕਿ ਪੁਲਸ ਸ਼ੱਕੀਆਂ ਦੀ ਭਾਲ 'ਚ ਉਸ ਇਲਾਕੇ 'ਚ ਗਈ ਅਤੇ ਸੰਘਣੇ ਜੰਗਲ 'ਚ ਪਹੁੰਚ ਗਈ। 7 ਤੋਂ 8 ਸ਼ੱਕੀ ਲੋਕਾਂ ਨੂੰ ਦੇਖ ਕੇ ਪੁਲਸ ਨੇ ਉਨ੍ਹਾਂ ਨੂੰ ਬਾਹਰ ਆਉਣ ਲਈ ਪਰ ਉਨ੍ਹਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਮੁੜ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਮੁੜ ਗੋਲੀ ਚਲਾਈ। ਪੁਲਸ ਡਿਪਟੀ ਕਮਿਸ਼ਨਰ ਸੰਜੇ ਕੁਮਾਰ ਸੈਨ ਨੇ ਦੱਸਿਆ ਕਿ ਜਵਾਬੀ ਫਾਇਰਿੰਗ 'ਚ ਇਕ ਸ਼ੱਕੀ ਨੂੰ ਗੋਲੀ ਲੱਗੀ ਅਤੇ ਉਹ ਡਿੱਗ ਗਿਆ ਅਤੇ ਹੋਰ ਲੋਕ ਦੌੜ ਗਏ। ਜ਼ਖ਼ਮੀ ਦੀ ਪਛਾਣ ਆਕਾਸ਼ ਵਜੋਂ ਕੀਤੀ ਗਈ, ਜਿਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਡੀ.ਸੀ.ਪੀ. ਨੇ ਕਿਹਾ ਕਿ ਮੌਕੇ ਤੋਂ ਇਕ ਪਿਸਤੌਲ, 2 ਖੋਖੇ ਬਰਾਮਦ ਕੀਤੇ ਗਏ ਹਨ। ਆਕਾਸ਼ ਲੁੱਟਖੋਹ ਸਮੇਤ 7 ਅਪਰਾਧਕ ਮਾਮਲਿਆਂ 'ਚ ਸ਼ਾਮਲ ਸੀ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਨਿਊ ਉਸਮਾਨਪੁਰ ਪੁਲਸ ਥਾਣੇ ਦੇ ਇਕ ਮਾਮਲੇ 'ਚ 6 ਜੂਨ ਨੂੰ ਜ਼ਮਾਨਤ ਮਿਲੀ ਸੀ। ਪੁਲਸ ਨੇ ਬਾਅਦ 'ਚ ਦੱਸਿਆ ਕਿ ਆਕਾਸ਼ ਦੇ ਤਿੰਨ ਸਾਥੀਆਂ ਨੂੰ ਵੀ ਯਮੁਨਾ ਖਾਦਰ ਇਲਾਕੇ ਤੋਂ ਫੜਿਆ ਗਿਆ, ਜਿਨ੍ਹਾਂ ਦੀ ਪਛਾਣ ਵਿਸ਼ਾਲ, ਮੋਨੂੰ ਅਤੇ ਵਿਕਾਸ ਵਜੋਂ ਕੀਤੀ ਗਈ ਹੈ। ਦੋਸ਼ੀਆਂ ਕੋਲੋਂ 8 ਮੋਬਾਇਲ ਫੋਨ, ਇਕ ਦੇਸੀ ਪਿਸਤੌਲ, 2 ਕਾਰਤੂਸ ਅਤੇ ਇਕ ਚਾਕੂ ਬਰਾਮਦ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ