ਨਸ਼ੀਲੇ ਪਦਾਰਥ ਅਤੇ ਸ਼ਰਾਬ ਦੇ ਧੰਦੇ ਦੇ ਸਿਲਸਿਲੇ ''ਚ ਜੰਮੂ ਕਸ਼ਮੀਰ ''ਚ 23 ਲੋਕ ਗ੍ਰਿਫ਼ਤਾਰ

Monday, Aug 09, 2021 - 04:39 PM (IST)

ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਰਿਆਸੀ ਜ਼ਿਲ੍ਹੇ 'ਚ 'ਇਕ ਯੁੱਧ ਨਸ਼ੇ ਦੇ ਵਿਰੁੱਧ' ਨਾਮੀ ਵਿਸ਼ੇਸ਼ ਮੁਹਿੰਮ ਦੌਰਾਨ ਨਸ਼ੀਲੇ ਪਦਾਰਥ ਦੇ ਇਕ ਤਸਕਰ ਅਤੇ ਸ਼ਰਾਬ ਦੇ ਧੰਦੇ ਨਾਲ ਜੁੜੇ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਰਿਆਸੀ ਦੇ ਪੁਲਸ ਸੁਪਰਡੈਂਟ ਸ਼ੈਲੇਂਦਰ ਸਿੰਘ ਦੀ ਅਗਵਾਈ 'ਚ ਇਸ ਮੁਹਿੰਮ ਦੌਰਾਨ 4000 ਲੀਟਰ ਤੋਂ ਵੱਧ ਕੱਚੀ ਸ਼ਰਾਬ ਨਸ਼ਟ ਕੀਤੀ ਗਈ ਅਤੇ ਕੁਝ ਹੈਰੋਇਨ, 105 ਲੀਟਰ ਸ਼ਰਾਬ ਅਤੇ 106 ਬੋਤਲ ਸ਼ਰਾਬ ਜ਼ਬਤ ਕੀਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਰੁੱਧ ਵੱਖ-ਵੱਖ ਥਾਣਿਆਂ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ 23 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਬੁਲਾਰੇ ਅਨੁਸਾਰ, ਨਸ਼ੀਲੇ ਪਦਾਰਥ ਤਸਕਰ ਸ਼ੇਰਪੁਰ ਦਾ ਵਾਸੀ ਪਵਨ ਸਿੰਘ ਹੈ, ਜਿਸ 'ਤੇ ਐੱਨ.ਡੀ.ਪੀ.ਐੱਸ. ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਧੰਦੇ ਨਾਲ ਜੁੜੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ 'ਚ 4 ਅਜਿਹੇ ਹਨ, ਜੋ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੇ ਆਧਾਰ ਕੰਪਲੈਕਸ ਕੱਟੜਾ 'ਚ ਸ਼ਰਾਬ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਪਿਛਲੇ 12 ਹਫ਼ਤਿਆਂ 'ਚ ਰਿਆਸੀ ਪੁਲਸ ਨੇ 143 ਬਦਮਾਸ਼ਾਂ ਵਿਰੁੱਧ 114 ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਅਤੇ ਸ਼ਰਾਬ ਤੋਂ ਦੂਰ ਰਹਿਣ ਦੀ ਅਪੀਲ ਕੀਤੀ।


DIsha

Content Editor

Related News