ਇਸ ਸੂਬੇ ਦੇ 22 ਡਾਕਟਰਾਂ ਨੂੰ ਹੋਇਆ ਕੋਰੋਨਾ, 14 ਨੇ ਲਗਵਾਇਆ ਸੀ ਕੋਰੋਨਾ ਟੀਕਾ
Friday, Apr 02, 2021 - 12:28 AM (IST)
ਰੋਹਤਕ - ਹਰਿਆਣਾ ਵਿੱਚ ਵੀ ਕੋਰੋਨਾ ਵਾਇਰਸ ਮਹਾਮਾਰੀ ਨੇ ਇੱਕ ਵਾਰ ਫਿਰ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਤੇਜ਼ੀ ਨਾਲ ਵੱਧਦੇ ਅੰਕੜਿਆਂ ਨੇ ਸਰਕਾਰ ਤੋਂ ਲੈ ਕੇ ਡਾਕਟਰਾਂ ਤੱਕ ਸਾਰਿਆਂ ਦੀਆਂ ਚਿੰਤਾ ਵਧਾ ਦਿੱਤੀ ਹੈ। ਡਾਕਟਰ ਵੀ ਹੁਣ ਇੱਕ ਵਾਰ ਫਿਰ ਇਸ ਮਹਾਮਾਰੀ ਦੀ ਚਪੇਟ ਵਿੱਚ ਆਉਣ ਲੱਗੇ ਹਨ।
ਰੋਹਤਕ ਸਥਿਤ ਪੋਸਟ-ਗ੍ਰੈਜੁਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (PGIMS ਦੀ ਡਾ. ਪੁਸ਼ਪਾ ਦਹੀਆ ਨੇ ਵੀਰਵਾਰ ਨੂੰ ਦੱਸਿਆ ਕਿ ਪੀ.ਜੀ.ਆਈ.ਐੱਮ.ਐੱਸ. ਵਿੱਚ ਪਿਛਲੇ ਦੋ ਹਫਤੇ ਵਿੱਚ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੇ 22 ਰੈਜਿਡੈਂਟ ਡਾਕਟਰ COVID-19 ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ 22 ਡਾਕਟਰਾਂ ਵਿੱਚੋਂ 14 ਡਾਕਟਰਾਂ ਨੇ ਕੋਰੋਨਾ ਦਾ ਟੀਕਾ ਵੀ ਲਗਾਇਆ ਸੀ।
ਇਹ ਵੀ ਪੜ੍ਹੋ- ਗੁਜਰਾਤ ਨੇ ਸੀਲ ਕੀਤੇ ਬਾਰਡਰ, ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰ 'ਤੇ ਵਧਾਈ ਸਖ਼ਤੀ
ਹਰਿਆਣਾ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਹੈਲਥ ਬੁਲੇਟਿਨ ਦੇ ਅਨੁਸਾਰ, ਬੀਤੇ 24 ਘੰਟੇ ਵਿੱਚ ਸੂਬੇ ਵਿੱਚ ਕੋਰੋਨਾ ਇਨਫੈਕਸ਼ਨ ਦੇ 1100 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 8 ਮਰੀਜ਼ਾਂ ਦੀ ਮੌਤ ਹੋ ਗਈ।
ਹਰਿਆਣਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁਲ ਗਿਣਤੀ 1,106 ਤਾਜ਼ਾ ਮਾਮਲਿਆਂ ਨਾਲ 2,90,800 ਹੋ ਗਈ ਹੈ ਅਤੇ ਕੋਵਿਡ-19 ਤੋਂ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 3,155 'ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਕਰਨਾਲ, ਪਾਨੀਪਤ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਦੋ-ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ, ਜਦੋਂ ਕਿ ਕੈਥਲ ਅਤੇ ਫਰੀਦਾਬਾਦ ਵਿੱਚ ਇੱਕ-ਇੱਕ ਮੌਤ ਹੋਈ।
ਉਥੇ ਹੀ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਉਨ੍ਹਾਂ ਵਿੱਚ ਗੁਰੂਗ੍ਰਾਮ (276), ਕਰਨਾਲ (182) ਅਤੇ ਅੰਬਾਲਾ (105) ਜ਼ਿਲ੍ਹੇ ਸ਼ਾਮਲ ਹਨ। ਸੂਬੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 9,726 ਹੈ। ਬੁਲੇਟਿਨ ਵਿੱਚ ਕਿਹਾ ਗਿਆ ਕਿ ਇੱਥੇ ਰਿਕਵਰੀ ਦਰ 95.57 ਫ਼ੀਸਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।