ਝੋਲਾ ਛਾਪ ਡਾਕਟਰ ਦੀ ਲਾਪਰਵਾਹੀ ਨਾਲ 21 ਲੋਕ ਹੋਏ ਏਡਜ਼ ਦੇ ਸ਼ਿਕਾਰ
Monday, Feb 05, 2018 - 03:22 PM (IST)
ਉਨਾਵ— ਉੱਤਰ ਪ੍ਰਦੇਸ਼ ਦੇ ਉਨਾਵ 'ਚ ਇਕ ਝੋਲਾ ਛਾਪ ਡਾਕਟਰ ਦੀ ਲਾਪਰਵਾਹੀ ਨਾਲ 21 ਲੋਕਾਂ ਨੂੰ ਜਾਨਲੇਵਾ ਬੀਮਾਰੀ ਏਡਜ਼ ਨਾਲ ਜੂਝਣਾ ਪੈ ਰਿਹਾ ਹੈ। ਬਾਂਗਰਮਊ ਕਸਬੇ 'ਚ ਖੁਦ ਨੂੰ ਡਾਕਟਰ ਦੱਸਣ ਵਾਲਾ ਇਕ ਝੋਲਾ ਛਾਪ ਸਾਈਕਲ 'ਤੇ ਆਉਂਦਾ ਸੀ। ਮਰੀਜ਼ਾਂ ਦਾ ਇਲਾਜ ਕਰਦਾ ਸੀ ਅਤੇ ਚੱਲਾ ਜਾਂਦਾ ਸੀ। ਉਸ ਦੀ ਲਾਪਰਵਾਹੀ ਨਾਲ 21 ਲੋਕ ਜਾਨਲੇਵਾ ਬੀਮਾਰੀ ਏਡਜ਼ ਦੇ ਸ਼ਿਕਾਰ ਹੋ ਗਏ ਹਨ। ਡਾਕਟਰ ਸੁਸ਼ੀਲ ਚੌਧਰੀ ਨੇ ਦੱਸਿਆ ਕਿ ਰਾਜੇਂਦਰ ਯਾਦਵ ਨਾਂ ਦਾ ਡਾਕਟਰ ਇਕ ਹੀ ਸੂਈ ਨਾਲ ਸਾਰੇ ਮਰੀਜ਼ਾਂ ਨੂੰ ਟੀਕਾ ਲਗਾਉਂਦਾ ਸੀ। ਇਸੇ ਕਾਰਨ ਖੇਤਰ 'ਚ ਕਈ ਲੋਕਾਂ ਨੂੰ ਏਡਜ਼ ਹੋਣ ਦੀ ਸੂਚਨਾ ਮਿਲੀ। ਡਾਕਟਰ ਚੌਧਰੀ ਨੇ ਦੱਸਿਆ ਕਿ ਬਾਂਗਰਮਊ ਕਸਬੇ ਅਤੇ ਉਸ ਦੇ ਨੇੜੇ-ਤੇੜੇ ਦੇ ਪਿੰਡ ਦੇ 566 ਲੋਕਾਂ ਦੀ ਜਾਂਚ ਕਰਵਾਈ ਗਈ, ਜਿਸ 'ਚੋਂ 21 ਲੋਕਾਂ 'ਚ ਐੱਚ.ਆਈ.ਵੀ. ਪੋਜੀਟਿਵ ਨਿਕਲਿਆ।
ਇਨ੍ਹਾਂ ਮਰੀਜ਼ਾਂ ਨੂੰ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ 'ਚ ਰੈਫਰ ਕਰ ਦਿੱਤਾ ਗਿਆ। ਮੁੱਖ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਬਾਂਗਰਮਊ ਦੇ ਭਾਈਚਾਰਕ ਸਿਹਤ ਕੇਂਦਰ ਇੰਚਾਰਜ ਡਾਕਟਰ ਪ੍ਰਮੋਦ ਦੋਹਰੇ ਨੇ ਰਾਜੇਂਦਰ ਯਾਦਵ ਦੇ ਖਿਲਾਫ 31 ਜਨਵਰੀ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੁਲਸ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਐਡੀਸ਼ਨਲ ਮੁੱਖ ਮੈਡੀਕਲ ਅਧਿਕਾਰੀ ਅਤੇ ਉੱਪ ਮੁੱਖ ਮੈਡੀਕਲ ਅਧਿਕਾਰੀ ਦੀ 2 ਮੈਂਬਰੀ ਟੀਮ ਵੀ ਜਾਂਚ ਕਰ ਰਹੀ ਹੈ। ਡਾਕਟਰ ਰਾਜੇਂਦਰ ਯਾਦਵ ਨੇ ਨੇੜੇ-ਤੇੜੇ ਦੇ ਇਲਾਕਿਆਂ 'ਚ ਜਿਸ ਦਾ ਵੀ ਇਲਾਜ ਕੀਤਾ ਸੀ, ਉਨ੍ਹਾਂ ਨੂੰ ਲੱਭ ਕੇ ਸਿਹਤ ਪ੍ਰੀਖਣ ਕਰਵਾਇਆ ਜਾ ਰਿਹਾ ਹੈ।
