2000 ਰੁਪਏ ਦੇ ਨੋਟ ਨੂੰ ਲੈ ਕੇ ਵੱਡੀ ਅਪਡੇਟ, RBI ਦੀ ਨਵੀਂ ਗਾਈਡਲਾਈਨ ਆਈ ਸਾਹਮਣੇ
Thursday, Jan 22, 2026 - 07:55 PM (IST)
ਨਵੀਂ ਦਿੱਲੀ- ਤੁਹਾਡੇ ਕੋਲ ਜੇਕਰ ਅਜੇ ਵੀ 2000 ਰੁਪਏ ਦੇ ਨੋਟ ਬਚੇ ਹੋਏ ਹਨ, ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਹਾਲਾਂਕਿ 2000 ਦੇ ਨੋਟ ਹੁਣ ਬਾਜ਼ਾਰ ਵਿੱਚ ਖਰੀਦੋ-ਫਰੋਖਤ ਲਈ 'ਲੀਗਲ ਟੈਂਡਰ' (ਚਲਨ) ਵਿੱਚ ਨਹੀਂ ਹਨ ਪਰ ਇਨ੍ਹਾਂ ਦੀ ਕੀਮਤ ਅਜੇ ਵੀ ਜ਼ੀਰੋ ਨਹੀਂ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਤਾਜ਼ਾ ਨਿਯਮਾਂ ਅਨੁਸਾਰ, ਇਹ ਨੋਟ ਅਜੇ ਵੀ ਵੈਧ ਮੁਦਰਾ ਹਨ ਪਰ ਇਨ੍ਹਾਂ ਨੂੰ ਬਦਲਣ ਜਾਂ ਜਮ੍ਹਾਂ ਕਰਵਾਉਣ ਦੇ ਤਰੀਕੇ ਬਦਲ ਗਏ ਹਨ।
ਹੁਣ ਬੈਂਕਾਂ ਵਿੱਚ ਨਹੀਂ ਹੋਣਗੇ ਜਮ੍ਹਾਂ
ਜਾਣਕਾਰੀ ਅਨੁਸਾਰ, ਹੁਣ ਤੁਸੀਂ ਇਨ੍ਹਾਂ ਨੋਟਾਂ ਨੂੰ ਆਪਣੇ ਨੇੜਲੇ ਕਮਰਸ਼ੀਅਲ ਬੈਂਕਾਂ (ਜਿਵੇਂ SBI, PNB ਜਾਂ HDFC) ਵਿੱਚ ਜਮ੍ਹਾਂ ਜਾਂ ਬਦਲ ਨਹੀਂ ਸਕਦੇ। ਇਸ ਦੇ ਲਈ ਤੁਹਾਨੂੰ ਦੇਸ਼ ਭਰ ਵਿੱਚ ਸਥਿਤ RBI ਦੇ 19 ਇਸ਼ੂ ਦਫ਼ਤਰਾਂ ਵਿੱਚੋਂ ਕਿਸੇ ਇੱਕ 'ਤੇ ਜਾਣਾ ਪਵੇਗਾ। ਇਨ੍ਹਾਂ ਦਫ਼ਤਰਾਂ ਦੀ ਸੂਚੀ ਵਿੱਚ ਚੰਡੀਗੜ੍ਹ, ਦਿੱਲੀ, ਮੁੰਬਈ, ਜੈਪੁਰ ਅਤੇ ਅਹਿਮਦਾਬਾਦ ਵਰਗੇ ਮੁੱਖ ਸ਼ਹਿਰ ਸ਼ਾਮਲ ਹਨ।
ਘਰ ਬੈਠੇ ਵੀ ਬਦਲੇ ਜਾ ਸਕਦੇ ਹਨ ਨੋਟ
ਜੇਕਰ ਤੁਸੀਂ RBI ਦੇ ਦਫ਼ਤਰ ਖੁਦ ਨਹੀਂ ਜਾ ਸਕਦੇ, ਤਾਂ ਤੁਸੀਂ ਭਾਰਤੀ ਡਾਕ ਰਾਹੀਂ 'ਬੀਮਾ ਡਾਕ' ਦੀ ਸਹੂਲਤ ਵਰਤ ਕੇ ਆਪਣੇ ਨੋਟ ਸਿੱਧੇ RBI ਦਫ਼ਤਰ ਭੇਜ ਸਕਦੇ ਹੋ। ਇਸ ਦੇ ਲਈ ਤੁਹਾਨੂੰ ਨੋਟਾਂ ਦੇ ਨਾਲ ਇੱਕ ਬਿਨੈ-ਪੱਤਰ (ਐਪਲੀਕੇਸ਼ਨ ਫਾਰਮ), ਆਪਣੀ ਆਈਡੀ (ਆਧਾਰ ਜਾਂ ਪੈਨ ਕਾਰਡ) ਅਤੇ ਬੈਂਕ ਖਾਤੇ ਦੀ ਜਾਣਕਾਰੀ (ਕੈਂਸਲ ਚੈੱਕ) ਭੇਜਣੀ ਹੋਵੇਗੀ।
ਇਹ ਗੱਲ ਨੋਟ ਕਰਨ ਵਾਲੀ ਹੈ ਕਿ RBI ਇਨ੍ਹਾਂ ਨੋਟਾਂ ਦੇ ਬਦਲੇ ਤੁਹਾਨੂੰ ਨਕਦ ਪੈਸੇ ਨਹੀਂ ਦੇਵੇਗਾ। ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਰਾਸ਼ੀ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ।
ਨੋਟ ਬਦਲਵਾਉਣ ਲਈ ਹੇਠ ਲਿਖੇ ਦਸਤਾਵੇਜ਼ ਹੋਣੇ ਲਾਜ਼ਮੀ ਹਨ :-
• ਆਧਾਰ ਕਾਰਡ ਜਾਂ ਪੈਨ ਕਾਰਡ
• ਬੈਂਕ ਪਾਸਬੁੱਕ ਜਾਂ ਕੈਂਸਲ ਚੈੱਕ ਦੀ ਕਾਪੀ
• ਬਿਨੈ-ਪੱਤਰ (ਜੋ RBI ਕਾਊਂਟਰ 'ਤੇ ਉਪਲਬਧ ਹੁੰਦਾ ਹੈ)
