ਜੰਮੂ ਕਸ਼ਮੀਰ : ਸ਼੍ਰੀਨਗਰ ਮੁਕਾਬਲੇ ''ਚ ਅੰਸਾਰ ਗਜਵਤ-ਉਲ-ਹਿੰਦ ਦੇ 2 ਅੱਤਵਾਦੀ ਢੇਰ

Thursday, Sep 15, 2022 - 12:05 PM (IST)

ਜੰਮੂ ਕਸ਼ਮੀਰ : ਸ਼੍ਰੀਨਗਰ ਮੁਕਾਬਲੇ ''ਚ ਅੰਸਾਰ ਗਜਵਤ-ਉਲ-ਹਿੰਦ ਦੇ 2 ਅੱਤਵਾਦੀ ਢੇਰ

ਸ਼੍ਰੀਨਗਰ (ਵਾਰਤਾ)- ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਬੁੱਧਵਾਰ ਸ਼ਾਮ ਨੂੰ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਕੱਟੜਪੰਥੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (ਏ.ਜੀ.ਯੂ.ਐੱਚ.) ਦੇ 2 ਸਥਾਨਕ ਅੱਤਵਾਦੀਆਂ ਨੂੰ ਮਾਰ ਸੁੱਟਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਨੌਗਾਮ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ​ਸੂਚਨਾ ਮਿਲਣ 'ਤੇ ਪੁਲਸ ਅਤੇ ਫ਼ੌਜ ਨੇ ਇਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਅਤੇ ਇਲਾਕੇ ਦੀ ਘੇਰਾਬੰਦੀ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਇਕ ਪੁਲਸ ਬੁਲਾਰੇ ਨੇ ਕਿਹਾ,"ਸਰਚ ਮੁਹਿੰਮ ਦੌਰਾਨ, ਜਿਵੇਂ ਹੀ ਸੰਯੁਕਤ ਤਲਾਸ਼ੀ ਟੀਮ ਸ਼ੱਕੀ ਸਥਾਨ ਵੱਲ ਵਧੀ, ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੰਯੁਕਤ ਤਲਾਸ਼ੀ ਟੀਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਦਾ ਪ੍ਰਭਾਵੀ ਢੰਗ ਨਾਲ ਜਵਾਬ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।"

ਇਸ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਸਨ। ਪੁਲਸ ਨੇ ਦੋਹਾਂ ਦੀ ਪਛਾਣ ਪੁਲਵਾਮਾ ਦੇ ਏਜਾਜ਼ ਰਸੂਲ ਨਾਜ਼ਰ ਅਤੇ ਸ਼ਾਹਿਦ ਅਹਿਮਦ ਉਰਫ਼ ਅਬੂ ਹਮਜ਼ਾ ਵਜੋਂ ਕੀਤੀ ਹੈ। ਬੁਲਾਰੇ ਨੇ ਕਿਹਾ,''ਪੁਲਸ ਰਿਕਾਰਡ ਮੁਤਾਬਕ ਮਾਰੇ ਗਏ ਦੋਵੇਂ ਅੱਤਵਾਦੀ ਅੱਤਵਾਦੀਆਂ ਨੂੰ ਅੱਤਵਾਦੀਆਂ ਦੀ ਸ਼੍ਰੇਣੀ 'ਚ ਰੱਖਆ ਗਿਆ ਸੀ ਅਤੇ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਏ.ਜੀ.ਯੂ.ਐੱਚ. ਨਾਲ ਜੁੜੇ ਹੋਏ ਸਨ।'' ਬੁਲਾਰੇ ਨੇ ਕਿਹਾ ਕਿ ਦੋਵੇਂ ਅੱਤਵਾਦੀ, ਪੁਲਸ, ਸੁਰੱਖਿਆ ਫ਼ੋਰਸਾਂ ਅਤੇ ਨਾਗਰਿਕਾਂ 'ਤੇ ਕਈ ਹਮਲਿਆਂ 'ਚ ਸ਼ਾਮਲ ਸਨ। ਉਨ੍ਹਾਂ ਕਿਹਾ,''ਇਸ ਤੋਂ ਇਲਾਵਾ ਉਹ ਪੱਛਮੀ ਬੰਗਾਲ ਦੇ ਮੁਨੀਰ ਉਲ ਇਸਲਾਮ ਨਾਂ ਦੇ ਇਕ ਬਾਹਰੀ ਮਜ਼ਦੂਰ 'ਤੇ 2 ਸਤੰਬਰ ਨੂੰ ਪੁਲਵਾਮਾ ਦੇ ਉਗਰਗੁੰਡ ਨੇਵਾ ਇਲਾਕੇ 'ਚ ਹੋਏ ਹਮਲੇ 'ਚ ਵੀ ਸ਼ਾਮਲ ਸਨ।'' ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਰਾਈਫਲ, 2 ਪਿਸਤੌਲ ਅਤੇ ਇਕ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੀ ਸਾਰੀ ਸਮੱਗਰੀ ਨੂੰ ਅਗਲੇਰੀ ਜਾਂਚ ਲਈ ‘ਕੇਸ ਰਿਕਾਰਡ’ 'ਚ ਲੈ ਲਿਆ ਗਿਆ ਹੈ।


author

DIsha

Content Editor

Related News