ਬੋਰਿਆਂ ''ਚ ਭਰੀ ਫ਼ਿਰਦੇ ਸੀ ਦੁਰਲੱਭ ਪ੍ਰਜਾਤੀ ਦੇ 197 ਕੱਛੂਕੁੰਮੇ ! 2 ਸਮੱਗਲਰ ਚੜ੍ਹੇ ਪੁਲਸ ਅੜਿੱਕੇ
Thursday, Nov 13, 2025 - 09:52 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਦੁਰਲੱਭ ਪ੍ਰਜਾਤੀ ਦੇ 197 ਜ਼ਿੰਦਾ ਕੱਛੂਕੁੰਮੇ ਬਰਾਮਦ ਕੀਤੇ ਹਨ। ਪੁਲਸ ਨੇ ਮੌਕੇ ’ਤੇ 2 ਅੰਤਰਰਾਜੀ ਜੰਗਲੀ ਜੀਵ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ. ਟੀ. ਐੱਫ. ਮੁਤਾਬਕ, ਮੰਗਲਵਾਰ ਨੂੰ ਇੱਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਕੁਸਮਾਰਾ-ਸੌਰੀਖ ਮਾਰਗ ’ਤੇ ਇਕ ਸੈਂਟਰੋ ਕਾਰ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ’ਤੇ 5 ਬੋਰੀਆਂ ਵਿਚ ਭਰੇ 197 ਜ਼ਿੰਦਾ ਕੱਛੂਕੁੰਮੇ ਮਿਲੇ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਬਰੇਲੀ ਨਿਵਾਸੀ ਰਾਕੇਸ਼ ਕਸ਼ਯਪ ਅਤੇ ਉੱਤਰਖੰਡ ਦੇ ਊਧਮ ਸਿੰਘ ਨਗਰ ਨਿਵਾਸੀ ਮੁਕੇਸ਼ਵਾਲਾ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਹ ਇਟਾਵਾ ਮੈਨਪੁਰੀ ਅਤੇ ਫਿਰੋਜ਼ਾਬਾਦ ਤੋਂ ਕੱਛੂਕੁੰਮੇ ਇਕੱਠੇ ਕਰ ਕੇ ਉੱਤਰਾਖੰਡ ਲਿਜਾ ਰਹੇ ਸਨ। ਪੁਲਸ ਮੁਤਾਬਕ, ਕਾਰ ਵਿਚ ਸਵਾਰ 2 ਹੋਰ ਸਮੱਗਲਰ ਅਸ਼ੋਕ ਅਤੇ ਕਾਲੀਚਰਨ ਮੌਕੇ ਤੋਂ ਫਰਾਰ ਹੋ ਗਏ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਮੁਲਜ਼ਮਾਂ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
