ਭਾਜਪਾ ਦਾ ਦਾਅਵਾ-ਮਹਾਰਾਸ਼ਟਰ ਦੇ 2 ਹੋਰ ਮੰਤਰੀ ਅਗਲੇ 15 ਦਿਨਾਂ ’ਚ ਦੇਣਗੇ ਅਸਤੀਫਾ

04/09/2021 12:34:33 PM

ਮੁੰਬਈ– ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਸੂਬੇ ਦੇ 2 ਮੰਤਰੀਆਂ ਨੂੰ ਅਸਤੀਫਾ ਦੇਣਾ ਪਵੇਗਾ। ਕੁਝ ਲੋਕ ਇਨ੍ਹਾਂ ਮੰਤਰੀਆਂ ਵਿਰੁੱਧ ਅਦਾਲਤ ਜਾਣਗੇ ਤੇ ਫਿਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਵੇਗਾ। ਅਜਿਹਾ ਹੋ ਸਕਦਾ ਹੈ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਲੱਗੇ ਦੋਸ਼ਾਂ ਦੀ ਜਾਂਚ ’ਚ ਟਰਾਂਸਪੋਰਟ ਮੰਤਰੀ ਅਨਿਲ ਪਰਬ ਵਿਰੁੱਧ ਲੱਗੇ ਦੋਸ਼ ਵੀ ਸ਼ਾਮਲ ਕਰ ਲਏ ਜਾਣ। ਭਾਜਪਾ ਨੇਤਾ ਨੇ ਕਿਹਾ ਕਿ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਸਹੀ ਸਮਾਂ ਹੈ।

ਪਾਟਿਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਮੰਗ ਨਹੀਂ ਕਰ ਰਹੀ ਹੈ ਪਰ ਸੂਬੇ ’ਚ ਜੋ ਚੱਲ ਰਿਹਾ ਹੈ, ਉਸ ਤੋਂ ਮਾਹਿਰ ਇਹ ਦੱਸ ਸਕਦੇ ਹਨ ਕਿ ਰਾਸ਼ਟਰਪਤੀ ਰਾਜ ਲਗਾਉਣ ਲਈ ਹੋਰ ਕੀ ਚਾਹੀਦਾ ਹੈ। ਉਨ੍ਹਾਂ ਨੇ ਪੁੱਛਿਆ,‘ਜੇ ਤੁਸੀਂ ਹਰ ਚੀਜ਼ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਹੋ ਤਾਂ ਸੂਬੇ ਦਾ ਪ੍ਰਸ਼ਾਸਨ ਕੇਂਦਰ ਦੇ ਹੱਥ ’ਚ ਕਿਉਂ ਨਹੀਂ ਦੇ ਦਿੰਦੇ?’ ਪਾਟਿਲ ਨੇ ਦੋਸ਼ ਲਗਾਇਆ ਕਿ ਅਨਿਲ ਦੇਸ਼ਮੁਖ ਪਾਖੰਡੀ ਹੈ ਕਿਉਂਕਿ ਉਹ ਬੰਬੇ ਹਾਈ ਕੋਰਟ ਦੇ ਸੀ. ਬੀ. ਆਈ. ਜਾਂਚ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ’ਚ ਗਏ ਹਨ। ਅਸਤੀਫੇ ’ਚ ਦੇਸ਼ਮੁਖ ਨੇ ਕਿਹਾ ਸੀ ਕਿ ਉਹ ਆਜ਼ਾਦ ਤੇ ਨਿਰਪੱਖ ਜਾਂਚ ਲਈ ਅਸਤੀਫਾ ਦੇ ਰਹੇ ਹਨ ਅਤੇ ਅਗਲੇ ਦਿਨ ਉਹ ਜਾਂਚ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚ ਜਾਂਦੇ ਹਨ।

ਭਾਜਪਾ ਨੇਤਾ ਨੇ ਕਿਹਾ ਕਿ ਮਹਾਰਾਸ਼ਟਰ ’ਚ ਐੱਮ. ਵੀ. ਏ. (ਮਹਾ ਵਿਕਾਸ ਅਘਾੜੀ) ਸਰਕਾਰ ਨੇ ਸੂਬੇ ਦੇ ਬਜਟ ਅਜਲਾਸ ਦੌਰਾਨ ਸਚਿਨ ਵਝੇ ਦਾ ਬਚਾਅ ਹਮਲਾਵਰ ਤਰੀਕੇ ਨਾਲ ਕੀਤਾ ਪਰ ਹੁਣ ਤੁਹਾਨੂੰ ਉਸ ’ਤੇ ਭਰੋਸਾ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਐੱਮ. ਵੀ. ਏ. ਸਰਕਾਰ ਸੰਗਠਿਤ ਅਪਰਾਧ ’ਚ ਸ਼ਾਮਲ ਹੈ ਅਤੇ ਜੇ ਦਸਤਾਵੇਜ਼ੀ ਸਬੂਤ ਆਏ ਤਾਂ ਉਸ ’ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੀ ਵਿਵਸਥਾ ਲਾਗੂ ਹੋਵੇਗੀ।


Rakesh

Content Editor

Related News