ਸੜਕ ਹਾਦਸੇ ’ਚ 2 ਕਾਂਵੜੀਆਂ ਦੀ ਮੌਤ
Tuesday, Jul 30, 2024 - 01:54 AM (IST)

ਬਦਾਯੂੰ - ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਝਾਨੀ ਖੇਤਰ ’ਚ 2 ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ 2 ਕਾਂਵੜੀਆਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਕਪਤਾਨ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਸਿਵਲ ਲਾਈਨਸ ਥਾਣਾ ਖੇਤਰ ਦੇ ਮੁਹੱਲੇ ਨੇਕਪੁਰ ਨਿਵਾਸੀ ਅੰਕਿਤ (30) ਅਤੇ ਉਸ ਦਾ ਸਾਥੀ ਅਨਿਲ (25) ਕਛਲਾ ਘਾਟ ਤੋਂ ਗੰਗਾ ਜਲ ਲੈ ਕੇ ਐਤਵਾਰ ਸ਼ਾਮ ਆਪਣੇ ਘਰ ਪਰਤ ਰਹੇ ਸਨ, ਤਾਂ ਰਸਤੇ ’ਚ ਉਝਾਨੀ ਕੋਤਵਾਲੀ ਖੇਤਰ ’ਚ ਬਰੇਲੀ-ਮਥੁਰਾ ਰਸਤੇ ’ਤੇ ਸਥਿਤ ਭੂਡ ਵਾਲੀ ਮਜਾਰ ਦੇ ਕੋਲ ਉਨ੍ਹਾਂ ਦਾ ਮੋਟਰਸਾਈਕਲ ਸਾਹਮਣਿਓਂ ਆ ਰਹੇ ਕਾਂਵੜੀਆਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ।
ਪੁਲਸ ਅਧਿਕਾਰੀ ਅਨੁਸਾਰ, ਦੋਵਾਂ ਵਾਹਨਾਂ ਦੀ ਭਿਆਨਕ ਟੱਕਰ ’ਚ ਅੰਕਿਤ ਅਤੇ ਅਨਿਲ ਦੇ ਨਾਲ-ਨਾਲ ਦੂਜੇ ਮੋਟਰਸਾਈਕਲ ’ਤੇ ਸਵਾਰ 2 ਹੋਰ ਕਾਂਵੜੀਏ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਚਾਰਾਂ ਕਾਂਵੜੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅੰਕਿਤ ਅਤੇ ਅਨਿਲ ਨੂੰ ਮ੍ਰਿਤਕ ਐਲਾਨ ਦਿੱਤਾ। ਸਿੰਘ ਨੇ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ 2 ਹੋਰ ਕਾਂਵੜੀਆਂ ਨੂੰ ਬਰੇਲੀ ਸਥਿਤ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ।