38 ਵਰ੍ਹਿਆਂ ਮਗਰੋਂ ਸਿੱਖਾਂ ਨੂੰ ਬੱਝੀ ਇਨਸਾਫ਼ ਦੀ ਉਮੀਦ, ਕਾਨਪੁਰ ਦੰਗਿਆਂ ਦੇ 4 ਦੋਸ਼ੀ ਗ੍ਰਿਫ਼ਤਾਰ
Wednesday, Jun 15, 2022 - 10:45 AM (IST)
ਕਾਨਪੁਰ/ਨਵੀਂ ਦਿੱਲੀ- ਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ 'ਚ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਜਿਸ ਇਨਸਾਫ਼ ਦਾ 38 ਸਾਲਾਂ ਤੋਂ ਇੰਤਜ਼ਾਰ ਸੀ, ਉਸ ਦੀ ਸ਼ੁਰੂਆਤ ਮੰਗਲਵਾਰ ਨੂੰ ਹੋਈ। ਇਸ ਨੂੰ ਲੈ ਕੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ ਹੈ। ਸਿਰਸਾ ਨੇ ਕਿਹਾ,''1984 ਨੂੰ ਕਾਨਪੁਰ 'ਚ ਹੋਏ ਕਤਲੇਆਮ ਨੂੰ ਲੈ ਕੇ ਲੰਬੀ ਲੜਾਈ ਲੜਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2019 'ਚ ਇਕ ਐੱਸ.ਆਈ.ਟੀ. ਬਣਵਾਈ। ਜਿਸ 'ਚ ਦੁਬਾਰਾ ਮੁਕੱਦਮੇ ਦਰਜ ਹੋਏ ਅਤੇ ਜਾਂਚ ਸ਼ੁਰੂ ਹੋਈ। ਇਸ ਨੂੰ ਲੈ ਕੇ ਮੈਂ ਅਮਿਤ ਸ਼ਾਹ ਜੀ ਅਤੇ ਯੋਗੀ ਜੀ ਦਾ ਧੰਨਵਾਦ ਕਰਦਾ ਹਾਂ। ਜਿਸ ਦੀਆਂ ਕੋਸ਼ਿਸ਼ਾਂ ਕਰ ਕੇ ਮੁੜ ਜਾਂਚ ਸ਼ੁਰੂ ਹੋਈ। ਐੱਸ.ਆਈ.ਟੀ. ਨੇ ਨਿਰਾਲਾ ਨਗਰ, ਕਾਨਪੁਰ 'ਚ ਕਤਲ ਦੇ 4 ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਹੈ। ਇਨ੍ਹਾਂ ਦੀ ਪਛਾਣ ਸੈਫੁੱਲਾ ਖਾਨ, ਬਚਨ, ਬੱਪਨ ਅਤੇ ਪੱਕੀ (ਲੰਬੂ) ਵਜੋਂ ਹੋਈ ਹੈ।''
Wheels of Justice grind slow but grind fine.
— Manjinder Singh Sirsa (@mssirsa) June 15, 2022
SIT constituted by the efforts of DSGMC to investigate massacre in UP during 1984 Sikh Genocide has resulted in arrest of 4 accused of killing in Nirala Nagar, Kanpur namely Saifulla khan, Bachan, Bappan & Pakki (Lambu)@ANI @PTI_News pic.twitter.com/AEPn3iUOJz
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ 'ਚ ਕਾਨਪੁਰ 'ਚ 127 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਵੱਖ-ਵੱਕ ਥਾਣਿਆਂ 'ਚ ਗੰਭੀਰ ਧਾਰਾਵਾਂ 'ਚ 40 ਮੁਕੱਦਮੇ ਦਰਜ ਹੋਏ ਸਨ। ਪੁਲਸ ਨੇ 20 ਮਾਮਲਿਆਂ 'ਚ ਫਾਈਨਲ ਰਿਪੋਰਟ ਲਗਾ ਦਿੱਤੀ ਸੀ। 27 ਮਈ 2019 ਨੂੰ ਸਾਬਕਾ ਡੀ.ਜੀ.ਪੀ. ਅਤੁਲ ਕੁਮਾਰ ਦੀ ਪ੍ਰਧਾਨਗੀ 'ਚ ਐੱਸ.ਆਈ.ਟੀ. ਬਣਾਈ ਗਈ ਸੀ, ਜੋ ਕਿ 20 ਮੁਕੱਦਮਿਆਂ ਦੀ ਮੁੜ ਜਾਂਚ ਕਰ ਰਹੀ ਹੈ। ਹਾਲਾਂਕਿ ਇਨ੍ਹਾਂ 'ਚੋਂ ਸਿਰਫ਼ 14 ਮੁਕੱਦਮਿਆਂ 'ਚ ਹੀ ਸਬੂਤ ਮਿਲੇ ਹਨ। 9 ਚਾਰਜਸ਼ੀਟ ਦੀ ਸਥਿਤੀ 'ਚ ਹਨ, ਜਿਨ੍ਹਾਂ 'ਚ ਸਿਰਫ਼ ਗ੍ਰਿਫ਼ਤਾਰੀਆਂ ਹੋਣੀਆਂ ਬਾਕੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ