''84 ਕਤਲੇਆਮ : ਜਸਟਿਸ ਖੰਨਾ ਨੇ ਸੱਜਣ ਦੀ ਅਪੀਲ ਦੀ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ

03/25/2019 6:15:35 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਨੇ ਸੋਮਵਾਰ ਨੂੰ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਇਕ ਵਾਰ ਫਿਰ ਖੁਦ ਨੂੰ ਵੱਖ ਕਰ ਲਿਆ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਸੱਜਣ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਜੱਜ ਖੰਨਾ ਨੇ ਇਸ ਤੋਂ ਪਹਿਲਾਂ 25 ਫਰਵਰੀ ਨੂੰ ਵੀ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਜੱਜ ਖੰਨਾ ਉਸ ਸਮੇਂ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ 'ਚ ਸ਼ਾਮਲ ਸਨ। ਸੱਜਣ ਕੁਮਾਰ ਦੀ ਅਪੀਲ ਸੋਮਵਾਰ ਨੂੰ ਜਸਟਿਸ ਐੱਸ.ਏ. ਬੋਬੜੇ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਦੇ ਸਾਹਮਣੇ ਸੂਚੀਬੱਧ ਸੀ।

ਬੈਂਚ ਨੇ ਕਿਹਾ ਕਿ ਸੱਜਣ ਦੀ ਅਪੀਲ 'ਤੇ ਹੁਣ 2 ਹਫਤਿਆਂ ਬਾਅਦ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦੱਖਣੀ-ਪੱਛਮੀ ਦਿੱਲੀ ਦੇ ਛਾਉਣੀ ਇਲਾਕੇ 'ਚ ਰਾਜ ਨਗਰ ਪਾਰਟ-1 ਵਿਚ 2 ਨਵੰਬਰ 1984 ਨੂੰ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ-2 'ਚ ਇਕ ਗੁਰਦੁਆਰਾ ਸਾੜਨ ਦੀ ਘਟਨਾ ਨਾਲ ਸੰਬੰਧਤ ਮਾਮਲੇ 'ਚ 17 ਦਸੰਬਰ 2018 ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਦੇ ਆਦੇਸ਼ 'ਤੇ ਸੱਜਣ ਕੁਮਾਰ ਨੇ 31 ਦਸੰਬਰ ਨੂੰ ਕੋਰਟ 'ਚ ਆਤਮ-ਸਮਰਪਣ ਕਰ ਦਿੱਤਾ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 'ਚ ਉਨ੍ਹਾਂ ਦੇ 2 ਸਿੱਖ ਸੁਰੱਖਿਆ ਕਰਮਚਾਰੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਘਟਨਾ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕੇ ਸਨ। ਇਨ੍ਹਾਂ ਦੰਗਿਆਂ ਦੌਰਾਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੀ ਜਾਇਦਾਦ ਅਤੇ ਧਾਰਮਿਕ ਥਾਵਾਂ 'ਚ ਅੱਗਜਨੀ ਦੀਆਂ ਘਟਨਾਵਾਂ ਹੋਈਆਂ ਸਨ। ਇਨ੍ਹਾਂ ਦੰਗਿਆਂ 'ਚ ਇਕੱਲੇ ਦਿੱਲੀ 'ਚ ਹੀ 2700 ਤੋਂ ਵਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ।


Tanu

Content Editor

Related News